ਈਰਾਨ–ਅਮਰੀਕਾ ਦਰਮਿਆਨ ਵਧਦੇ ਤਣਾਅ ਦਾ ਅਸਰ ਸਰਾਫ਼ਾ ਬਾਜ਼ਾਰ 'ਤੇ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਛਾਲ
ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖੀ ਗਈ ਹੈ। 25 ਫਰਵਰੀ ਨੂੰ ਚਾਂਦੀ 278 ਰੁਪਏ ਪ੍ਰਤੀ ਗ੍ਰਾਮ ਸੀ, ਜੋ 2 ਮਾਰਚ ਨੂੰ ਵਧ ਕੇ 300 ਰੁਪਏ ਪ੍ਰਤੀ ਗ੍ਰਾਮ ਹੋ ਗਈ। ਚਾਂਦੀ ਦਾ ਸਿੱਕਾ 3,300 ਰੁਪਏ ਤੋਂ ਵਧ ਕੇ 3,600 ਰੁਪਏ ਤਕ ਪਹੁੰਚ ਗਿਆ।
Publish Date: Mon, 02 Mar 2026 01:49 PM (IST)
Updated Date: Mon, 02 Mar 2026 01:55 PM (IST)
ਰਾਜੇਸ਼ ਢੱਲ, ਚੰਡੀਗੜ੍ਹ : ਈਰਾਨ ਅਤੇ ਅਮਰੀਕਾ ਦਰਮਿਆਨ ਵਧਦੇ ਜੰਗ ਵਰਗੇ ਹਾਲਾਤ ਦਾ ਅਸਰ ਹੁਣ ਅੰਤਰਰਾਸ਼ਟਰੀ ਬਾਜ਼ਾਰ ਦੇ ਨਾਲ-ਨਾਲ ਦੇਸ਼ ਦੇ ਸਰਾਫ਼ਾ ਬਾਜ਼ਾਰ 'ਚ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਆਲਮੀ ਅਸਥਿਰਤਾ ਤੇ ਨਿਵੇਸ਼ਕਾਂ ਵੱਲੋਂ ਸੁਰੱਖਿਅਤ ਨਿਵੇਸ਼ (ਸੇਫ ਹੇਵਨ) ਵੱਲ ਰੁਖ਼ ਕਰਨ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ।
ਪਿਛਲੇ ਕੁਝ ਦਿਨਾਂ 'ਚ ਸਥਾਨਕ ਸਰਾਫ਼ਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਜ਼ਿਕਰਯੋਗ ਵਾਧਾ ਹੋਇਆ ਹੈ। 25 ਅਤੇ 26 ਫਰਵਰੀ ਨੂੰ 24 ਕੈਰੇਟ ਸੋਨਾ 1,64,300 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਸੀ, ਜੋ 28 ਫਰਵਰੀ ਨੂੰ ਵਧ ਕੇ 1,67,000 ਰੁਪਏ ਹੋ ਗਿਆ। 2 ਮਾਰਚ ਨੂੰ ਇਹ ਕੀਮਤ ਉਛਲ ਕੇ 1,72,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।
ਇਸੇ ਤਰ੍ਹਾਂ 22 ਕੈਰੇਟ ਸੋਨਾ 1,51,100 ਰੁਪਏ ਤੋਂ ਵਧ ਕੇ 1,58,200 ਰੁਪਏ ਪ੍ਰਤੀ 10 ਗ੍ਰਾਮ ਤਕ ਪਹੁੰਚ ਗਿਆ। 18 ਕੈਰੇਟ ਸੋਨੇ ਦੇ ਰੇਟ 1,26,300 ਰੁਪਏ ਤੋਂ ਵਧ ਕੇ 1,32,200 ਰੁਪਏ ਹੋ ਗਏ, ਜਦਕਿ 14 ਕੈਰੇਟ ਸੋਨਾ 1,00,700 ਰੁਪਏ ਤੋਂ ਵਧ ਕੇ 1,05,400 ਰੁਪਏ ਤਕ ਪਹੁੰਚ ਗਿਆ।
ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖੀ ਗਈ ਹੈ। 25 ਫਰਵਰੀ ਨੂੰ ਚਾਂਦੀ 278 ਰੁਪਏ ਪ੍ਰਤੀ ਗ੍ਰਾਮ ਸੀ, ਜੋ 2 ਮਾਰਚ ਨੂੰ ਵਧ ਕੇ 300 ਰੁਪਏ ਪ੍ਰਤੀ ਗ੍ਰਾਮ ਹੋ ਗਈ। ਚਾਂਦੀ ਦਾ ਸਿੱਕਾ 3,300 ਰੁਪਏ ਤੋਂ ਵਧ ਕੇ 3,600 ਰੁਪਏ ਤਕ ਪਹੁੰਚ ਗਿਆ।
ਸਰਾਫ਼ਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਅਤੇ ਪੱਛਮੀ ਏਸ਼ੀਆ 'ਚ ਵਧਦੇ ਤਣਾਅ ਕਾਰਨ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਵਿਕਲਪ ਮੰਨ ਰਹੇ ਹਨ। ਜੇਕਰ ਈਰਾਨ–ਅਮਰੀਕਾ ਦਰਮਿਆਨ ਤਣਾਅ ਹੋਰ ਵਧਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਤੇਜ਼ੀ ਦੇਖੀ ਜਾ ਸਕਦੀ ਹੈ।
ਚੰਡੀਗੜ੍ਹ ਜਿਊਲਰਜ਼ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਭੂ-ਰਾਜਨੀਤਕ ਅਨਿਸ਼ਚਿਤਤਾ ਦੇ ਦੌਰ 'ਚ ਸੋਨਾ ਅਤੇ ਚਾਂਦੀ ਰਵਾਇਤੀ ਤੌਰ 'ਤੇ ਸੁਰੱਖਿਅਤ ਨਿਵੇਸ਼ ਮੰਨੇ ਜਾਂਦੇ ਹਨ, ਇਸ ਲਈ ਮੰਗ ਵਧਣ ਨਾਲ ਕੀਮਤਾਂ ਵਿੱਚ ਲਗਾਤਾਰ ਉਛਾਲ ਬਣਿਆ ਹੋਇਆ ਹੈ।