ਤਰਕਸ਼ੀਲਾਂ ਨੇ ਕੀਤਾ ਰਹੱਸਮਈ ਕੇਸ ਹੱਲ, ਕਿਹਾ- ਮਾਨਸਿਕ ਤਣਾਅ ਕਾਰਨ ਵਾਪਰਦੀਆਂ ਹਨ ਅਜਿਹੀਆਂ ਘਟਨਾਵਾਂ
ਰਸੋਈ ਵਿੱਚ ਗੈਸ ਚੁੱਲ੍ਹਾ ਆਪਣੇ ਆਪ ਬਲ ਪੈਂਦਾ, ਭਾਂਡੇ ਥੱਲੇ ਡਿੱਗ ਜਾਂਦੇ ਅਤੇ ਲਾਈਟਾਂ ਆਪਣੇ ਆਪ ਜਗ ਜਾਂਦੀਆਂ। ਪਰਿਵਾਰਕ ਮੈਂਬਰ ਬਹੁਤ ਘਬਰਾਏ ਹੋਏ ਸਨ। ਧਾਰਮਿਕ ਪੂਜਾ ਪਾਠ ਵੀ ਕੰਮ ਨਾ ਆਏ ਤਾਂ ਉਨ੍ਹਾਂ ਲੋਕਲ ਤਰਕਸ਼ੀਲ ਇਕਾਈ ਨਾਲ ਸੰਪਰਕ ਕੀਤਾ।
Publish Date: Tue, 21 Apr 2026 03:03 PM (IST)
Updated Date: Tue, 21 Apr 2026 03:07 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਵਿਗਿਆਨਕ ਸੋਚ ਵਾਲੇ ਲੋਕ ਚੰਦ ਅਤੇ ਹੋਰ ਗ੍ਰਹਿਆਂ ਉੱਤੇ ਜਾ ਕੇ ਖੋਜਾਂ ਕਰ ਰਹੇ ਹਨ ਪਰ ਭਾਰਤੀ ਸਮਾਜ ਦਾ ਵੱਡਾ ਹਿੱਸਾ ਭੂਤ ਪ੍ਰੇਤ,ਜਾਦੂ ਟੂਣੇ ਅਤੇ ਕਰਾਮਾਤਾਂ ਵਿੱਚ ਵਿਸ਼ਵਾਸ ਕਰਕੇ ਅੰਧਵਿਸ਼ਵਾਸ ਦੀ ਦਲਦਲ ਵਿੱਚ ਫਸ ਕੇ ਨਰਕ ਭੋਗ ਰਿਹਾ ਹੈ। ਇਹੋ ਜਿਹੀ ਹੀ ਇੱਕ ਘਟਨਾ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਵਾਪਰੀ। ਚਾਰ ਜੀਆਂ ਵਾਲੇ ਛੋਟੇ ਜਿਹੇ ਪਰਿਵਾਰ ਦੇ ਘਰ ਰਹੱਸਮਈ ਘਟਨਾਵਾਂ ਕਾਫ਼ੀ ਸਮੇਂ ਤੋਂ ਵਾਪਰ ਰਹੀਆਂ ਸਨ। ਬੰਦ ਅਲਮਾਰੀਆਂ ਵਿੱਚ ਪਏ ਕੱਪੜੇ,ਪਰਦੇ, ਫਰਨੀਚਰ ਅਤੇ ਘਰ ਦਾ ਬਹੁਤ ਸਾਰਾ ਸਮਾਨ ਸੜ ਚੁੱਕਾ ਸੀ। ਰਸੋਈ ਵਿੱਚ ਗੈਸ ਚੁੱਲ੍ਹਾ ਆਪਣੇ ਆਪ ਬਲ ਪੈਂਦਾ, ਭਾਂਡੇ ਥੱਲੇ ਡਿੱਗ ਜਾਂਦੇ ਅਤੇ ਲਾਈਟਾਂ ਆਪਣੇ ਆਪ ਜਗ ਜਾਂਦੀਆਂ। ਪਰਿਵਾਰਕ ਮੈਂਬਰ ਬਹੁਤ ਘਬਰਾਏ ਹੋਏ ਸਨ। ਧਾਰਮਿਕ ਪੂਜਾ ਪਾਠ ਵੀ ਕੰਮ ਨਾ ਆਏ ਤਾਂ ਉਨ੍ਹਾਂ ਲੋਕਲ ਤਰਕਸ਼ੀਲ ਇਕਾਈ ਨਾਲ ਸੰਪਰਕ ਕੀਤਾ।
ਤਰਕਸ਼ੀਲ ਆਗੂ ਤਰਲੋਚਨ ਸਿੰਘ, ਪ੍ਰੇਮ ਥਾਪਾ, ਅਜੇ ਕੁਮਾਰ ਅਤੇ ਰਾਜੂ ਝਾਖੋਲਾੜੀ ਨੇ ਮੌਕੇ ਤੇ ਜਾ ਕੇ ਪੜਤਾਲ ਕਰਕੇ ਇੱਕ ਘੰਟੇ ਵਿੱਚ ਹੀ ਕੇਸ ਹੱਲ ਕਰ ਦਿੱਤਾ ਅਤੇ ਦੋਸ਼ੀ ਨੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ। ਉਹ ਪਰਿਵਾਰ ਹੁਣ ਖੁਸ਼ੀ ਖੁਸ਼ੀ ਰਹਿ ਰਿਹਾ ਹੈ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਭੂਤ ਪ੍ਰੇਤ ਜਾਂ ਕਰਾਮਾਤ ਨਾਮ ਦੀ ਕੋਈ ਚੀਜ਼ ਦੁਨੀਆਂ ਤੇ ਨਹੀਂ ਹੈ। ਅਜਿਹੀਆਂ ਘਟਨਾਵਾਂ ਮਾਨਸਿਕ ਤਣਾਓ ਕਰਕੇ ਵਾਪਰਦੀਆਂ ਹਨ। ਆਪਣੇ ਘਰ ਵਿੱਚ ਸਭ ਨੂੰ ਬਰਾਬਰ ਸਨਮਾਨ ਦਿੱਤਾ ਜਾਵੇ ਤਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ।