ਸੀਰੀਜ਼ ਬਣਾਉਣ ਖ਼ਿਲਾਫ਼ ਵੜਿੰਗ ਵੱਲੋਂ ਜਨਹਿੱਤ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ
ਬਿਸ਼ਨੋਈ ਦੀ ਸੀਰੀਜ ਬਨਾਉਣ ਖ਼ਿਲਾਫ਼ ਵੜਿੰਗ ਨੇ ਦਿੱਤੀ ਜਨਹਿੱਤ ਪਟੀਸ਼ਨ ਦਾਇਰ ਕਰਨ ਦੀ ਚੇਤਾਵਨੀ
Publish Date: Mon, 20 Apr 2026 11:37 PM (IST)
Updated Date: Mon, 20 Apr 2026 11:39 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੀ ਫ਼ਾਈਵ ਐਪ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਸੀਰੀਜ਼ ਚਲਾਉਣ ਨੂੰ ਲੈ ਕੇ ਵਿਰੋਧ ਦਰਜ ਕਰਦੇ ਹੋਏ ਜਨਹਿੱਤ ਪਟੀਸ਼ਨ ਦਾਇਰ ਕਰਨ ਦੀ ਚਿਤਾਵਨੀ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਜੀ 5 ਵੱਲੋਂ ਬਿਸ਼ਨੋਈ ਬਾਰੇ ਸੀਰੀਜ਼ ਚਲਾਉਣਾ ਸਮੁੱਚੇ ਪੰਜਾਬੀ ਜਗਤ ਦੇ ਮੂੰਹ ’ਤੇ ਚਪੇੜ ਹੈ। ਰਾਜਾ ਵੜਿੰਗ ਨੇ ਆਪਣੇ ਐਕਸ ਅਕਾਊਂਟ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਪਰਮ ਮਿੱਤਰ ਅਤੇ ਦੁਨੀਆ ਦੇ ਚਹੇਤਾ ਗਾਇਕ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਦੇ ਹੱਥੋਂ ਗਵਾਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਹਰੇਕ ਪੰਜਾਬੀ ਅਤੇ ਉਨ੍ਹਾਂ ਦੇ ਲੱਖਾਂ ਚਹੇਤਿਆਂ ਲਈ ਦੁਨੀਆ ਭਰ ’ਚ ਵੱਸਦੇ ਲੱਖਾਂ ਲਈ ਇੱਕ ਵੱਡਾ ਘਾਟਾ ਸੀ। ਅੱਜ ਜੀ5 ਉਸੇ ਗੈਂਗਸਟਰ ਦੇ ਉੱਪਰ ਸੀਰੀਜ਼ ਬਣਾ ਕੇ ਜਿਸ ਦਾ ਨਾਮ ‘ਲਾਰੈਂਸ ਆਫ ਪੰਜਾਬ’ ਹੈ ਬਣਾ ਕੇ ਉਸ ਨੂੰ ਪ੍ਰਸਿੱਧੀ ਦੇਣਾ ਚਾਹੁੰਦੀ ਹੈ। ਸਿਰਫ਼ ਸਿੱਧੂ ਹੀ ਨਹੀਂ ਸੈਂਕੜੇ ਪੰਜਾਬੀਆਂ ਨੇ ਲਾਰੈਂਸ ਦੇ ਕ੍ਰਾਈਮ ਨੈੱਟਵਰਕ ਦੇ ਹੱਥੋਂ ਆਪਣੀ ਜਾਨ ਗਵਾਈ ਹੈ ਅਤੇ ਹਜ਼ਾਰਾਂ ਲੋਕਾਂ ਦੇ ਜ਼ਖਮ ਅਜੇ ਵੀ ਅੱਲੇ ਹਨ। ਇਹ ਟੀਵੀ ਸੀਰੀਜ਼ ਕੋਈ ਕੰਟੈਂਟ ਨਹੀਂ ਹਰੇਕ ਪੰਜਾਬੀ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਦੀ ਪਛਾਣ ਭਗਤ ਸਿੰਘ ਹੈ, ਸਾਡੇ ਜਵਾਨ ਅਤੇ ਸਾਡੇ ਕਿਸਾਨ ਹਨ। ਉਨ੍ਹਾਂ ਕਿਹਾ ਕਿ ਇਹ ਸੀਰੀਜ਼ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਉਹ ਇਸ ਖ਼ਿਲਾਫ਼ ਜਨਹਿੱਤ ਪਟੀਸ਼ਨ ਦਾਇਰ ਕਰਨਗੇ।