ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਅੱਜ, 2027 ਦੀਆਂ ਚੋਣਾਂ ਦਾ ਫੂਕਣਗੇ ਬਿਗਲ; ਕਰ ਸਕਦੇ ਹਨ ਇਹ ਐਲਾਨ
ਮੰਨਿਆ ਜਾ ਰਿਹਾ ਹੈ ਕਿ ਰਾਹੁਲ ਬਰਨਾਲਾ ਰੈਲੀ ਵਿਚ ਸਪੱਸ਼ਟ ਕਰ ਸਕਦੇ ਹਨ ਕਿ ਕਾਂਗਰਸ ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਚੋਣ ਮੈਦਾਨ ਵਿਚ ਉਤਰੇਗੀ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਰੈਲੀ ਪਿੱਛੋਂ ਕਾਂਗਰਸ ਚੋਣਾਂ ਦੇ ਰੌਂਅ ਵਿਚ ਆ ਜਾਏਗੀ।
Publish Date: Sat, 28 Feb 2026 08:10 AM (IST)
Updated Date: Sat, 28 Feb 2026 08:13 AM (IST)
ਕੈਲਾਸ਼ ਨਾਥ, ਜਾਗਰਣ, ਚੰਡੀਗੜ੍ਹ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਪੰਜਾਬ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗਲ ਫੂਕਣਗੇ। ਬਰਨਾਲਾ ਵਿਚ ਹੋਣ ਵਾਲੀ ਇਸ ਰੈਲੀ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦਾ ਰੁਖ਼ ਸਪੱਸ਼ਟ ਹੋ ਸਕੇਗਾ। ਹਾਲਾਂਕਿ ਕਾਂਗਰਸ ਪਾਰਟੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮੁੱਖ ਮੰਤਰੀ ਅਹੁਦੇ ਦੇ ਚਾਹਵਾਨ ਆਗੂ ਹਨ। ਹਾਈ ਕਮਾਨ ਦੇ ਸਖ਼ਤ ਰੁਖ਼ ਤੋਂ ਬਾਅਦ ਭਾਵੇਂ ਪ੍ਰਤੱਖ ਤੌਰ ’ਤੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਆਗੂਆਂ ਵਿਚਾਲੇ ਖਿੱਚੋਤਾਣ ਹਾਲ ਦੀ ਘੜੀ ਰੁਕ ਗਈ ਹੈ ਪਰ ਅੰਦਰਖਾਤੇ ਸਾਰੇ ਆਪਣੀ-ਆਪਣੀ ਗੋਟੀ ਫਿਟ ਕਰਨ ਵਿਚ ਲੱਗੇ ਹਨ।
ਮੰਨਿਆ ਜਾ ਰਿਹਾ ਹੈ ਕਿ ਰਾਹੁਲ ਬਰਨਾਲਾ ਰੈਲੀ ਵਿਚ ਸਪੱਸ਼ਟ ਕਰ ਸਕਦੇ ਹਨ ਕਿ ਕਾਂਗਰਸ ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਚੋਣ ਮੈਦਾਨ ਵਿਚ ਉਤਰੇਗੀ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਰੈਲੀ ਪਿੱਛੋਂ ਕਾਂਗਰਸ ਚੋਣਾਂ ਦੇ ਰੌਂਅ ਵਿਚ ਆ ਜਾਏਗੀ। ਵਿਰੋਧੀ ਧਿਰ ਦੇ ਆਗੂ ਦੀ ਰੈਲੀ ਭਾਵੇਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਨੂੰ ਲੈ ਕੇ ਹੈ ਪਰ ਸੂਬੇ ਵਿਚ ਮਨਰੇਗਾ ਕਾਨੂੰਨ ਤਹਿਤ ਰਜਿਸਟ੍ਰਡ ਲੋਕਾਂ ਨੂੰ ਸਿਰਫ਼ 26 ਦਿਨਾਂ ਦਾ ਕੰਮ ਮਿਲਿਆ ਸੀ। ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਕਿਉਂਜੋ ਕੇਂਦਰ ਵਿਚ ਆਈਐੱਨਡੀਏਆਈ ਗੱਠਜੋੜ ਦਾ ਹਿੱਸਾ ਹੈ, ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਹੁਲ ਗਾਂਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿਹੋ-ਜਿਹਾ ਰੁਖ਼ ਅਪਨਾਉਂਦੇ ਹਨ। ਦੱਸਣਯੋਗ ਹੈ ਕਿ ਕਾਂਗਰਸ ਨੇ ਰਾਹੁਲ ਗਾਂਧੀ ਦੀ ਰੈਲੀ ਵੀ ਇਸ ਕਰ ਕੇ ਰੱਖੀ ਹੈ ਕਿਉਂਜੋ ਮਾਲਵਾ ਵਿਚ ਕਾਂਗਰਸ ਵਾਹਵਾ ਮਜ਼ਬੂਤ ਹੈ ਤੇ ਇੱਥੋਂ ਪੰਜਾਬ ਵਿਧਾਨ ਸਭਾ ਜਾਣ ਦਾ ਰਸਤਾ ਵੀ ਨਿਕਲਦਾ ਹੈ।