- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CM Mann ਨੇ ਸੂਬੇ 'ਚ ਸਰਗਰਮ ਗੈਂਗਸਟਰ ਨੈੱਟਵਰਕ ਨੂੰ ਲੈ ਕੇ ਵੀ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਕਈ ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ। ਇਹ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਾਹਰੀ ਰਾਜਾਂ ਤੋਂ ਸ਼ੂਟਰ ਹਾਇਰ (ਭਰਤੀ) ਕਰਦੇ ਹਨ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ 'ਚ ਸਥਾਈ ਡੀਜੀਪੀ (DGP) ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆ ਤਹਿਤ UPSC ਵੱਲੋਂ ਮੰਗੇ ਗਏ ਡੀਜੀਪੀ ਪੈਨਲ ਨੂੰ ਜਲਦ ਹੀ ਭੇਜਿਆ ਜਾਵੇਗਾ ਤੇ ਇਸ 'ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ UPSC ਵੱਲੋਂ ਮੰਗੇ ਗਏ ਪੈਨਲ 'ਤੇ ਨਿਯਮਾਂ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਕਾਨੂੰਨ-ਵਿਵਸਥਾ ਦੀ ਸਥਿਤੀ ਅਤੇ ਅਪਰਾਧ ਕੰਟਰੋਲ ਬਾਰੇ ਗੱਲਬਾਤ ਦੌਰਾਨ ਮਾਨ ਨੇ ਕਿਹਾ ਕਿ ਸਰਕਾਰ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਡੀਜੀਪੀ ਪੈਨਲ ਭੇਜਣ ਦੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ।
ਮੁੱਖ ਮੰਤਰੀ ਨੇ ਰਾਜ ਵਿੱਚ ਸਰਗਰਮ ਗੈਂਗਸਟਰ ਨੈੱਟਵਰਕ ਨੂੰ ਲੈ ਕੇ ਵੀ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਕਈ ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ 'ਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ। ਇਹ ਗੈਂਗਸਟਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਬਾਹਰੀ ਸੂਬਿਆਂ ਤੋਂ ਸ਼ੂਟਰ ਹਾਇਰ (ਭਰਤੀ) ਕਰਦੇ ਹਨ। ਮੁੱਖ ਮੰਤਰੀ ਅਨੁਸਾਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਤੋਂ 8 ਹਜ਼ਾਰ, 10 ਹਜ਼ਾਰ ਅਤੇ 12 ਹਜ਼ਾਰ ਰੁਪਏ ਵਿੱਚ ਸ਼ੂਟਰ ਲਿਆਂਦੇ ਜਾਂਦੇ ਹਨ। ਇਨ੍ਹਾਂ ਸ਼ੂਟਰਾਂ ਨੂੰ ਇਹ ਤੱਕ ਜਾਣਕਾਰੀ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਪੈਸੇ ਦੇਣ ਵਾਲਾ ਕੌਣ ਹੈ। ਉਨ੍ਹਾਂ ਨੂੰ ਸਿਰਫ਼ ਇਹ ਦੱਸਿਆ ਜਾਂਦਾ ਹੈ ਕਿ ਕਿੱਥੇ ਜਾਣਾ ਹੈ ਅਤੇ ਕੀ ਕਰਨਾ ਹੈ, ਜਦਕਿ ਨਿਰਦੇਸ਼ ਵਿਦੇਸ਼ 'ਚ ਬੈਠੇ ਗੈਂਗਸਟਰ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਈ ਮਾਮਲਿਆਂ ਵਿੱਚ ਅਜਿਹੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਝ ਮਾਮਲਿਆਂ 'ਚ ਨਾਗਾਲੈਂਡ ਵਰਗੇ ਇਲਾਕਿਆਂ ਤੋਂ ਵੀ ਮੁਲਜ਼ਮਾਂ ਨੂੰ ਫੜ ਕੇ ਲਿਆਂਦਾ ਗਿਆ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾਂਦਾ ਹੈ ਕਿ ਇਨ੍ਹਾਂ ਸ਼ੂਟਰਾਂ ਨੂੰ ਕਿਸ ਨੇ ਸਪਾਂਸਰ ਕੀਤਾ ਅਤੇ ਪੂਰਾ ਨੈੱਟਵਰਕ ਕਿਵੇਂ ਕੰਮ ਕਰਦਾ ਹੈ।
ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ NDPS ਐਕਟ ਤਹਿਤ 700 ਨਸ਼ਾ ਤਸਕਰਾਂ 'ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਨਾਲ ਤਾਲਮੇਲ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਈ ਮਾਮਲਿਆਂ ਵਿੱਚ ਗੁਜਰਾਤ ਤੋਂ 3000-3000 ਕਿਲੋ ਡਰੱਗ ਬਰਾਮਦ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਹੋਰਨਾਂ ਰਾਜਾਂ ਅਤੇ ਰਾਸ਼ਟਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਪਰਾਧ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ, ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਅਹੁਦੇ ਨਾਲ ਜੁੜਿਆ ਹੋਵੇ। ਨਾਲ ਹੀ, ਆਧੁਨਿਕ ਤਕਨੀਕ ਦੇ ਦੌਰ ਵਿੱਚ ਪੁਲਿਸ ਨੂੰ ਵੀ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ।