ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਿਲਿਆ ਸਕੋਚ ਸਿਲਵਰ ਐਵਾਰਡ 2025, -ਪਰਾਲੀ ਸਾੜਨ ਦੀਆਂ ਘਟਨਾਵਾਂ ਘਟਾਉਣ ਲਈ ਕੀਤਾ ਸਨਮਾਨਿਤ
ਇਹ ਐਵਾਰਡ ਨਵੀਂ ਦਿੱਲੀ ਦੇ ਇੰਡੀਆ ਹੈਬੀਟੈਟ ਸੈਂਟਰ ’ਚ ਹੋਏ 107ਵੇਂ ਸਕੋਚ ਸਮਿੱਟ ‘ਗਵਰਨੈਂਸ ਟ੍ਰਾਂਸਫਾਰਮਡ’ ਦੌਰਾਨ ਦਿੱਤਾ ਗਿਆ। ਪਿਛਲੇ ਪੰਜ ਸਾਲਾਂ ’ਚ ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁ-ਵਿਭਾਗੀ ਕੋਸ਼ਿਸ਼ਾਂ ਰਾਹੀਂ ਮਹੱਤਵਪੂਰਨ ਤਰੱਕੀ ਕੀਤੀ ਹੈ।
Publish Date: Fri, 10 Apr 2026 09:44 AM (IST)
Updated Date: Fri, 10 Apr 2026 09:47 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੂੰ ਇਸਦੇ ਪ੍ਰੋਜੈਕਟ ‘ਸੰਕਟ ਤੋਂ ਸਫਲਤਾ ਤੱਕ–ਪੰਜਾਬ ਦੀ ਸੁੱਧ ਹਵਾ ਬਦਲਾਅ ਯਾਤਰਾ’ ਲਈ ਵਾਤਾਵਰਣ ਸ਼੍ਰੇਣੀ ’ਚ ਸਕੋਚ ਸਿਲਵਰ ਐਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਨਵੀਂ ਦਿੱਲੀ ਦੇ ਇੰਡੀਆ ਹੈਬੀਟੈਟ ਸੈਂਟਰ ’ਚ ਹੋਏ 107ਵੇਂ ਸਕੋਚ ਸਮਿੱਟ ‘ਗਵਰਨੈਂਸ ਟ੍ਰਾਂਸਫਾਰਮਡ’ ਦੌਰਾਨ ਦਿੱਤਾ ਗਿਆ। ਪਿਛਲੇ ਪੰਜ ਸਾਲਾਂ ’ਚ ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਹੁ-ਵਿਭਾਗੀ ਕੋਸ਼ਿਸ਼ਾਂ ਰਾਹੀਂ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸ ’ਚ ਰੀਅਲ-ਟਾਈਮ ਮਾਨੀਟਰਿੰਗ ਤੇ ਲਾਗੂ ਕਰਨ ਦੇ ਨਾਲ-ਨਾਲ ਲੰਬੇ ਸਮੇਂ ਦੇ ਢਾਂਚਾਗਤ ਕਦਮ ਸ਼ਾਮਲ ਹਨ, ਜਿਵੇਂ ਕਿ ਸੀਆਰਐੱਮ ਮਸ਼ੀਨਰੀ ਦੀ ਵੱਡੇ ਪੱਧਰ ’ਤੇ ਤਾਇਨਾਤੀ, ਕਸਟਮ ਹਾਇਰਿੰਗ ਸੈਂਟਰਾਂ ਦੀ ਮਜ਼ਬੂਤੀ ਤੇ ਧਾਨ ਦੀ ਪਰਾਲੀ ਦੇ ਬਾਹਰੀ ਉਪਯੋਗ ’ਚ ਵਾਧਾ–ਜੋ 8.8 ਲੱਖ ਟਨ ਤੋਂ ਵੱਧ ਕੇ 40 ਲੱਖ ਟਨ ਸਾਲਾਨਾ ਹੋ ਗਿਆ ਹੈ। ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ, ਇਸ ਰਾਸ਼ਟਰੀ ਮਾਨਤਾ ਨੂੰ ਪ੍ਰਾਪਤ ਕਰ ਕੇ ਮਾਣਮੱਤੇ ਮਹਿਸੂਸ ਕਰਦੇ ਹਾਂ। ਇਹ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਇੱਕ ਜਟਿਲ ਵਾਤਾਵਰਣ ਚੁਣੌਤੀ ਨੂੰ ਹੱਲ ਕਰਨ ਲਈ ਹੈ। ਪੰਜਾਬ ਰਾਜ ਭਵਿੱਖ ’ਚ ਇਸ ਦਿਸ਼ਾ ’ਚ ਹੋਰ ਬਿਹਤਰ ਪ੍ਰਾਪਤੀ ਹਾਂਸਲ ਕਰਨ ਲਈ ਪਰਾਲੀ ਸਾੜਨ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਿਹਾ ਹੈ।