ਹੂਟਰ-ਸਾਇਰਨ ਲਗਾ ਕੇ ਰੋਅਬ ਪਾਉਣ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਪੰਜ ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੌਰਾਨ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਜਾਂਚ
ਪੰਜ ਦਿਨਾਂ ਤੱਕ ਚੱਲੇ ਸੂਬਾ ਪੱਧਰੀ ਵਿਸ਼ੇਸ਼ ਅਭਿਆਨ ਦੌਰਾਨ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 4221 ਚਲਾਨ ਕੱਟੇ ਗਏ ਅਤੇ 48 ਵਾਹਨ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ 465 ਗੈਰ-ਕਾਨੂੰਨੀ ਸਿਗਨਲਿੰਗ ਉਪਕਰਨ ਵੀ ਹਟਾਏ ਗਏ।
Publish Date: Sun, 07 Jun 2026 08:21 AM (IST)
Updated Date: Sun, 07 Jun 2026 08:23 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿੱਚ ਨਿੱਜੀ ਵਾਹਨਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਹੂਟਰ, ਸਾਇਰਨ ਅਤੇ ਫਲੈਸ਼ਰ ਲਗਾ ਕੇ ਰੋਅਬ ਪਾਉਣ ਵਾਲਿਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਵੱਡੀ ਮੁਹਿੰਮ ਚਲਾਈ ਹੈ। ਪੰਜ ਦਿਨਾਂ ਤੱਕ ਚੱਲੇ ਸੂਬਾ ਪੱਧਰੀ ਵਿਸ਼ੇਸ਼ ਅਭਿਆਨ ਦੌਰਾਨ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 4221 ਚਲਾਨ ਕੱਟੇ ਗਏ ਅਤੇ 48 ਵਾਹਨ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ 465 ਗੈਰ-ਕਾਨੂੰਨੀ ਸਿਗਨਲਿੰਗ ਉਪਕਰਨ ਵੀ ਹਟਾਏ ਗਏ।
ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ 2 ਜੂਨ ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਅਤੇ ਚੈਕਿੰਗ ਕੀਤੀ ਗਈ। ਪੁਲਿਸ ਨੇ ਉਨ੍ਹਾਂ ਨਿੱਜੀ ਵਾਹਨਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ’ਤੇ ਬਿਨਾਂ ਅਧਿਕਾਰ ਹੂਟਰ, ਸਾਇਰਨ ਜਾਂ ਫਲੈਸ਼ਰ ਲਗਾਏ ਗਏ ਸਨ।
ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਪ੍ਰਵੀਣ ਸਿਨ੍ਹਾ ਨੇ ਦੱਸਿਆ ਕਿ ਮੁਹਿੰਮ ਦੌਰਾਨ 29,324 ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 52 ਹੂਟਰ, 10 ਸਾਇਰਨ ਅਤੇ 403 ਫਲੈਸ਼ਰ ਹਟਾਏ ਗਏ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਸਿਰਫ਼ ਐਮਰਜੈਂਸੀ ਸੇਵਾਵਾਂ ਅਤੇ ਅਧਿਕਾਰਤ ਸਰਕਾਰੀ ਵਾਹਨਾਂ ਲਈ ਹਨ ਅਤੇ ਨਿੱਜੀ ਵਾਹਨਾਂ ’ਤੇ ਇਨ੍ਹਾਂ ਦੀ ਵਰਤੋਂ ਕਾਨੂੰਨ ਦੀ ਉਲੰਘਣਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਸੇ ਦੌਰਾਨ ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ 137ਵੇਂ ਦਿਨ 320 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੱਠ ਹਥਿਆਰ ਬਰਾਮਦ ਕੀਤੇ ਗਏ।