ਪੰਜਾਬ ਪੁਲਿਸ ਦੇ ਦਖ਼ਲ ਮਗਰੋਂ ਜੀ5 ਨੂੰ "ਲਾਰੈਂਸ ਆਫ਼ ਪੰਜਾਬ" ਰਿਲੀਜ਼ ਨਾ ਕਰਨ ਦੇ ਨਿਰਦੇਸ਼
ਪੰਜਾਬ ਪੁਲਿਸ ਦੇ ਦਖ਼ਲ ਤੋਂ ਬਾਅਦ ਜੀ5 ਨੂੰ "ਲਾਰੈਂਸ ਆਫ਼ ਪੰਜਾਬ" ਰਿਲੀਜ਼ ਨਾ ਕਰਨ ਦੇ ਨਿਰਦੇਸ਼
Publish Date: Fri, 24 Apr 2026 08:35 PM (IST)
Updated Date: Sat, 25 Apr 2026 04:13 AM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਬਣਾਈ ਰੱਖਣ ਅਤੇ ਸਹੀ ਤੇ ਜ਼ਿੰਮੇਵਾਰ ਕੰਟੈਂਟ ਪ੍ਰਸਾਰਿਤ ਕਰਨ ਨੂੰ ਯਕੀਨੀ ਬਣਾਉਣ ਵੱਲ ਸਰਗਰਮ ਕਦਮ ਚੁੱਕਦਿਆਂ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਜੀ5 ਓਟੀਟੀ ਪਲੇਟਫਾਰਮ ਨੂੰ ਇਕ ਐਡਵਾਈਜ਼ਰੀ ਜਾਰੀ ਕਰ ਕੇ ਲਾਰੈਂਸ ਆਫ਼ ਪੰਜਾਬ ਸਿਰਲੇਖ ਵਾਲੀ ਡਾਕੂਮੈਂਟਰੀ (ਦਸਤਾਵੇਜ਼ੀ ਸੀਰੀਜ਼) ਰਿਲੀਜ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਹ ਕਾਰਵਾਈ ਵਿਸ਼ੇਸ਼ ਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਵੱਲੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਕੋਲ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀ ਧਾਰਾ 69ਏ(1) ਤਹਿਤ ਕੰਟੈਂਟ (ਸਮੱਗਰੀ) ਦੀ ਸਕ੍ਰੀਨਿੰਗ ਤੇ ਰੋਕ ਲਗਾਉਣ ਦੀ ਮੰਗ ਉਠਾਉਣ ਤੋਂ ਬਾਅਦ ਸਾਹਮਣੇ ਆਈ ਹੈ, ਜਿਸ ’ਚ ਜਨਤਕ ਵਿਵਸਥਾ ਤੇ ਇਸਦੇ ਪ੍ਰਭਾਵ ਬਾਰੇ ਗੰਭੀਰ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਅੰਦਰੂਨੀ ਜਾਣਕਾਰੀ ਅਨੁਸਾਰ ਇਸ ਡਾਕੂਮੈਂਟਰੀ ’ਚ ਸ਼ਾਮਲ ਨਾਟਕੀ ਚਿੱਤਰਣ, ਰੀਅਲ-ਲਾਈਫ਼ ਫੁਟੇਜ ਅਤੇ ਖਾਸ ਬਿਰਤਾਂਤ ਸੰਗਠਿਤ ਅਪਰਾਧ ਅਤੇ ਖ਼ਤਰਨਾਕ ਅਪਰਾਧੀਆਂ ਨੂੰ ਪ੍ਰਫੁੱਲਤ ਕਰਨ ਵਰਗਾ ਵੱਡਾ ਜੋਖਮ ਪੈਦਾ ਕਰ ਸਕਦੇ ਹੈ। ਉਨ੍ਹਾਂ ਕਿਹਾ ਕਿ ਅਜਿਹੇ ਚਿੱਤਰਣ ਨੌਜਵਾਨਾਂ ਨੂੰ ਗੁੰਮਰਾਹ ਅਤੇ ਸੂਬੇ ਦੀ ਸਖ਼ਤ ਘਾਲਣਾ ਨਾਲ ਕਾਇਮ ਕੀਤੀ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰ ਸਕਦੇ ਹਨ। ਇਨ੍ਹਾਂ ਰਿਪੋਰਟਾਂ ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨਾਲ ਸੰਪਰਕ ਕੀਤਾ, ਜੋ ਕਿ ਭਾਰਤ ਵਿੱਚ ਓਟੀਟੀ ਸਮੱਗਰੀ ਲਈ ਮਨੋਨੀਤ ਨੋਡਲ ਏਜੰਸੀ ਹੈ। ਡੀਜੀਪੀ ਨੇ ਕਿਹਾ ਕਿ ਪੂਰੀ ਸਮੱਗਰੀ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੰਤਰਾਲੇ ਨੇ ਮਾਮਲੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਜੀ5 ਨੂੰ ਇੱਕ ਐਡਵਾਇਜ਼ਰੀ ਜਾਰੀ ਕਰ ਕੇ ਆਪਣੇ ਓਟੀਟੀ ਪਲੇਟਫਾਰਮ ਤੇ ਇਹ ਕੰਟੈਂਟ ਨਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਸੀਂ ਜ਼ਿੰਮੇਵਾਰ ਸਮੱਗਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਅਤੇ ਸੂਬੇ ਦੇ ਸਮਾਜਿਕ ਤਾਣੇ-ਬਾਣੇ ਨੂੰ ਕਾਇਮ ਰੱਖਣ ਤੁਰੰਤ ਦਖ਼ਲ ਦੇਣ ਵਾਸਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦੇ ਹਾਂ। ਪੰਜਾਬ ਪੁਲਿਸ ਦੇ ਰੁਖ਼ ਦੀ ਪੁਸ਼ਟੀ ਕਰਦਿਆਂ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਕੀਮਤ ਤੇ ਸ਼ਾਂਤੀ, ਜਨਤਕ ਤੇ ਕਾਨੂੰਨ ਵਿਵਸਥਾ ਅਤੇ ਸਮਾਜਿਕ ਸਦਭਾਵਨਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਪਰਾਧਿਕ ਗਤੀਵਿਧੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਵਾਲੀ ਕਿਸੇ ਵੀ ਸਮੱਗਰੀ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ।