- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Education Minister ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦਾ ਟੀਚਾ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆ ਪਾਸ ਕਰਨ ਤੱਕ ਸੀਮਤ ਨਹੀਂ ਰੱਖਣਾ ਹੈ, ਸਗੋਂ ਉਨ੍ਹਾਂ ਨੂੰ ਅਜਿਹਾ ਦ੍ਰਿਸ਼ਟੀਕੋਣ ਦੇਣਾ ਹੈ ਜਿਸ ਨਾਲ ਉਹ ਭਵਿੱਖ ਵਿੱਚ ਮੌਕਿਆਂ ਦੀ ਸਿਰਜਣਾ ਕਰ ਸਕਣ। 'ਬਿਜ਼ਨਸ ਬਲਾਸਟਰਸ' ਵਰਗੇ ਯਤਨਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਸੀਡ ਫੰਡਿੰਗ ਵੀ ਦਿੱਤੀ ਜਾ ਚੁੱਕੀ ਹੈ, ਤਾਂ ਜੋ ਉਹ ਆਪਣੇ ਵਿਚਾਰਾਂ ਨੂੰ ਜ਼ਮੀਨ 'ਤੇ ਉਤਾਰ ਸਕਣ।

ਰੋਹਿਤ ਕੁਮਾਰ, ਚੰਡੀਗੜ੍ਹ: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਸਰੂਪ ਹੁਣ ਤੇਜ਼ੀ ਨਾਲ ਬਦਲਦਾ ਨਜ਼ਰ ਆਵੇਗਾ। ਰਵਾਇਤੀ ਰੱਟਾ ਪ੍ਰਣਾਲੀ ਤੋਂ ਅੱਗੇ ਵਧਦੇ ਹੋਏ ਸੂਬਾ ਸਰਕਾਰ ਨੇ 'ਲਰਨਿੰਗ ਬਾਈ ਡੂਇੰਗ' ਮਾਡਲ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਹੈ। ਇਸੇ ਕੜੀ ਤਹਿਤ 'ਯੰਗ ਐਂਟਰਪ੍ਰੀਨਿਓਰਜ਼ ਪ੍ਰੋਗਰਾਮ' ਨੂੰ ਨੌਵੀਂ ਅਤੇ ਦਸਵੀਂ ਜਮਾਤ ਤੱਕ ਵਧਾਇਆ ਜਾ ਰਿਹਾ ਹੈ, ਜਿਸ ਨਾਲ ਵਿਦਿਆਰਥੀ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰਹਿ ਕੇ ਅਸਲ ਜੀਵਨ ਦੀਆਂ ਸਮੱਸਿਆਵਾਂ 'ਤੇ ਕੰਮ ਕਰਨਾ ਸਿੱਖਣਗੇ।
ਸੂਬੇ ਵਿੱਚ ਪਹਿਲਾਂ ਹੀ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਵਿੱਚ ਐਂਟਰਪ੍ਰੀਨਿਓਰਸ਼ਿਪ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾ ਚੁੱਕਾ ਹੈ। ਹੁਣ ਇਸ ਨੂੰ ਸਕੂਲੀ ਸਿੱਖਿਆ ਦੇ ਸ਼ੁਰੂਆਤੀ ਪੜਾਵਾਂ ਤੱਕ ਲੈ ਕੇ ਜਾ ਕੇ ਇੱਕ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਵਿਕਸਿਤ ਕੀਤੀ ਜਾ ਰਹੀ ਹੈ। ਨੌਵੀਂ ਅਤੇ ਦਸਵੀਂ ਵਿੱਚ ਇਹ ਵਿਸ਼ਾ ਲਾਜ਼ਮੀ ਤਾਂ ਹੋਵੇਗਾ, ਪਰ ਇਸ ਨੂੰ ਗ੍ਰੇਡਿੰਗ ਤੋਂ ਬਾਹਰ ਰੱਖਿਆ ਗਿਆ ਹੈ, ਤਾਂ ਜੋ ਵਿਦਿਆਰਥੀ ਬਿਨਾਂ ਪ੍ਰੀਖਿਆ ਦੇ ਦਬਾਅ ਦੇ ਨਵੇਂ ਪ੍ਰਯੋਗ ਕਰ ਸਕਣ ਅਤੇ ਆਪਣੀ ਸਿਰਜਣਾਤਮਕਤਾ ਨੂੰ ਖੁੱਲ੍ਹ ਕੇ ਸਾਹਮਣੇ ਲਿਆ ਸਕਣ।
ਇਸ ਮਾਡਲ ਦਾ ਮੁੱਖ ਆਧਾਰ 'ਕਰਦੇ ਹੋਏ ਸਿੱਖਣਾ' ਹੈ। ਜਮਾਤ ਦੇ ਅੰਦਰ ਵਿਦਿਆਰਥੀਆਂ ਨੂੰ ਸਿਰਫ਼ ਸਿਧਾਂਤਕ ਜਾਣਕਾਰੀ ਦੇਣ ਦੀ ਬਜਾਏ ਉਨ੍ਹਾਂ ਨੂੰ ਇੱਕ ਸੰਗਠਿਤ ਪ੍ਰਕਿਰਿਆ ਤਹਿਤ ਕੰਮ ਕਰਨ ਦਾ ਮੌਕਾ ਮਿਲੇਗਾ। ਵਿਦਿਆਰਥੀ ਪਹਿਲਾਂ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਦੀ ਪਛਾਣ ਕਰਨਗੇ—ਚਾਹੇ ਉਹ ਸਕੂਲ ਨਾਲ ਜੁੜੀਆਂ ਹੋਣ ਜਾਂ ਭਾਈਚਾਰੇ ਨਾਲ। ਇਸ ਤੋਂ ਬਾਅਦ ਉਹ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨਵੇਂ ਆਈਡੀਆ ਵਿਕਸਿਤ ਕਰਨਗੇ, ਉਨ੍ਹਾਂ ਨੂੰ ਛੋਟੇ ਪੱਧਰ 'ਤੇ ਲਾਗੂ ਕਰਕੇ ਉਨ੍ਹਾਂ ਦੀ ਉਪਯੋਗਤਾ ਪਰਖਣਗੇ ਅਤੇ ਅੰਤ ਵਿੱਚ ਨਤੀਜਿਆਂ ਦਾ ਵਿਸ਼ਲੇਸ਼ਣ ਕਰਨਗੇ। ਇਸ ਪੂਰੀ ਪ੍ਰਕਿਰਿਆ ਨਾਲ ਵਿਦਿਆਰਥੀਆਂ ਵਿੱਚ ਸਮੱਸਿਆ-ਹੱਲ ਕਰਨ ਦੀ ਸਮਰੱਥਾ, ਫੈਸਲਾ ਲੈਣ ਦੀ ਯੋਗਤਾ ਅਤੇ ਲੀਡਰਸ਼ਿਪ ਦੇ ਹੁਨਰ ਦਾ ਵਿਕਾਸ ਹੋਵੇਗਾ।
ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 'ਉਦਯਮ ਲਰਨਿੰਗ ਫਾਊਂਡੇਸ਼ਨ' ਨਾਲ ਆਪਣੀ ਸਾਂਝੇਦਾਰੀ ਨੂੰ ਅਗਲੇ ਤਿੰਨ ਸਾਲਾਂ ਲਈ ਵਧਾਇਆ ਗਿਆ ਹੈ। ਇਹ ਸੰਸਥਾ ਪਹਿਲਾਂ ਹੀ ਪੰਜਾਬ ਦੇ ਕਰੀਬ 3,700 ਸਕੂਲਾਂ ਵਿੱਚ ਸਰਗਰਮ ਹੈ ਅਤੇ ਅਧਿਆਪਕਾਂ ਨੂੰ ਸਿਖਲਾਈ ਦੇਣ, ਪਾਠਕ੍ਰਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਅਤੇ ਜਮਾਤ ਵਿੱਚ ਵਿਵਹਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਸਹਿਯੋਗ ਕਰ ਰਹੀ ਹੈ। ਸੰਸਥਾ ਅਨੁਸਾਰ, ਜਦੋਂ ਵਿਦਿਆਰਥੀਆਂ ਨੂੰ 'ਰੀਅਲ ਵਰਲਡ' ਨਾਲ ਜੁੜੇ ਕਾਰਜ ਦਿੱਤੇ ਜਾਂਦੇ ਹਨ, ਤਾਂ ਉਨ੍ਹਾਂ ਦੀ ਸ਼ਮੂਲੀਅਤ ਅਤੇ ਸਿੱਖਣ ਦੀ ਗੁਣਵੱਤਾ ਦੋਵਾਂ ਵਿੱਚ ਸੁਧਾਰ ਹੁੰਦਾ ਹੈ।
2022 ਵਿੱਚ ਸ਼ੁਰੂ ਹੋਏ 'ਪੰਜਾਬ ਯੰਗ ਐਂਟਰਪ੍ਰੀਨਿਓਰਜ਼ ਪ੍ਰੋਗਰਾਮ' ਨੇ ਸਕੂਲਾਂ ਵਿੱਚ ਸਕਾਰਾਤਮਕ ਅਸਰ ਦਿਖਾਇਆ ਹੈ। ਇਹ ਪਹਿਲਕਦਮੀ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸੰਸਥਾਵਾਂ ਵਿੱਚ ਲਾਗੂ ਕੀਤੀ ਜਾਵੇਗੀ, ਜਿਸ ਨਾਲ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿਦਿਆਰਥੀਆਂ ਵਿਚਕਾਰ ਮੌਕਿਆਂ ਦੀ ਖਾਈ ਵੀ ਘੱਟ ਹੋ ਸਕੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦਾ ਟੀਚਾ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆ ਪਾਸ ਕਰਨ ਤੱਕ ਸੀਮਤ ਨਹੀਂ ਰੱਖਣਾ ਹੈ, ਸਗੋਂ ਉਨ੍ਹਾਂ ਨੂੰ ਅਜਿਹਾ ਦ੍ਰਿਸ਼ਟੀਕੋਣ ਦੇਣਾ ਹੈ ਜਿਸ ਨਾਲ ਉਹ ਭਵਿੱਖ ਵਿੱਚ ਮੌਕਿਆਂ ਦੀ ਸਿਰਜਣਾ ਕਰ ਸਕਣ। 'ਬਿਜ਼ਨਸ ਬਲਾਸਟਰਸ' ਵਰਗੇ ਯਤਨਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਨੂੰ ਸੀਡ ਫੰਡਿੰਗ ਵੀ ਦਿੱਤੀ ਜਾ ਚੁੱਕੀ ਹੈ, ਤਾਂ ਜੋ ਉਹ ਆਪਣੇ ਵਿਚਾਰਾਂ ਨੂੰ ਜ਼ਮੀਨ 'ਤੇ ਉਤਾਰ ਸਕਣ। ਉਨ੍ਹਾਂ ਕਿਹਾ ਕਿ ‘ਲਰਨਿੰਗ ਬਾਈ ਡੂਇੰਗ’ ਨੂੰ ਨਿਯਮਤ ਸਕੂਲੀ ਸਿੱਖਿਆ ਦਾ ਹਿੱਸਾ ਬਣਾ ਕੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।