- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Gurmeet Singh Khudian ਨੇ ਨਰਮੇ ਨੂੰ 'ਚਿੱਟਾ ਸੋਨਾ' ਦੱਸਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਪਾਣੀ ਦੀ ਖਪਤ ਵਾਲੀ ਝੋਨੇ ਦੀ ਫ਼ਸਲ ਨੂੰ ਛੱਡ ਕੇ ਨਰਮੇ ਦੀ ਖੇਤੀ ਅਪਣਾਉਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਬਸਿਡੀ ਲਈ ਆਨਲਾਈਨ ਪੋਰਟਲ 20 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਕਿਸਾਨ ਰਜਿਸਟਰਡ ਵਿਕਰੇਤਾਵਾਂ ਤੋਂ ਪ੍ਰਮਾਣਿਤ ਬੀਜ ਖਰੀਦ ਕੇ ਅਸਲੀ ਬਿੱਲ ਅਪਲੋਡ ਕਰਨ, ਤਾਂ ਜੋ ਉਨ੍ਹਾਂ ਨੂੰ ਯੋਜਨਾ ਦਾ ਲਾਭ ਮਿਲ ਸਕੇ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਪੰਜਾਬ 'ਚ ਫ਼ਸਲੀ ਵਿਭਿੰਨਤਾ ਨੂੰ ਤੇਜ਼ ਕਰਨ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬੇ 'ਚ ਬੀਟੀ ਹਾਈਬ੍ਰਿਡ ਅਤੇ ਦੇਸੀ ਕਪਾਹ (ਨਰਮੇ) ਦੇ ਪ੍ਰਮਾਣਿਤ ਬੀਜਾਂ 'ਤੇ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਦੇ ਬੀਜਾਂ ਦੇ ਖਰਚੇ ਦਾ ਲਗਭਗ ਇੱਕ-ਤਿਹਾਈ ਹਿੱਸਾ ਸਰਕਾਰ ਸਹਿਣ ਕਰੇਗੀ, ਜਿਸ ਨਾਲ ਖੇਤੀ ਦੀ ਲਾਗਤ ਘਟੇਗੀ ਅਤੇ ਨਰਮੇ ਦੀ ਖੇਤੀ ਵੱਲ ਰੁਝਾਨ ਵਧੇਗਾ।
ਮੰਤਰੀ ਅਨੁਸਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਪ੍ਰਵਾਨਿਤ 87 ਬੀ.ਟੀ. ਹਾਈਬ੍ਰਿਡ ਅਤੇ ਚਾਰ ਦੇਸੀ ਕਿਸਮਾਂ—LD1019, LD949, FDK 124 ਅਤੇ PBD 88—ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਉਣੀ ਸੀਜ਼ਨ ਵਿੱਚ ਇਸ ਸਬਸਿਡੀ ਮਾਡਲ ਨੂੰ ਕਿਸਾਨਾਂ ਦਾ ਭਰਪੂਰ ਸਮਰਥਨ ਮਿਲਿਆ ਸੀ, ਜਿਸ ਕਾਰਨ ਨਰਮੇ ਹੇਠਲਾ ਰਕਬਾ 1 ਲੱਖ ਹੈਕਟੇਅਰ ਤੋਂ ਵੱਧ ਕੇ 1.19 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਸੀ। ਹੁਣ ਸਰਕਾਰ ਨੇ ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿੱਥਿਆ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਨਰਮੇ ਨੂੰ 'ਚਿੱਟਾ ਸੋਨਾ' ਦੱਸਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਪਾਣੀ ਦੀ ਖਪਤ ਵਾਲੀ ਝੋਨੇ ਦੀ ਫ਼ਸਲ ਨੂੰ ਛੱਡ ਕੇ ਨਰਮੇ ਦੀ ਖੇਤੀ ਅਪਣਾਉਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਬਸਿਡੀ ਲਈ ਆਨਲਾਈਨ ਪੋਰਟਲ 20 ਅਪ੍ਰੈਲ ਤੋਂ ਸ਼ੁਰੂ ਹੋ ਚੁੱਕਾ ਹੈ। ਕਿਸਾਨ ਰਜਿਸਟਰਡ ਵਿਕਰੇਤਾਵਾਂ ਤੋਂ ਪ੍ਰਮਾਣਿਤ ਬੀਜ ਖਰੀਦ ਕੇ ਅਸਲੀ ਬਿੱਲ ਅਪਲੋਡ ਕਰਨ, ਤਾਂ ਜੋ ਉਨ੍ਹਾਂ ਨੂੰ ਯੋਜਨਾ ਦਾ ਲਾਭ ਮਿਲ ਸਕੇ। ਪੜਤਾਲ ਤੋਂ ਬਾਅਦ ਸਬਸਿਡੀ ਦੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਆਰਥਿਕ ਸਹਾਇਤਾ ਨਹੀਂ, ਸਗੋਂ ਵਿਗਿਆਨਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਇਸ ਨਾਲ ਉੱਨਤ ਕਿਸਮਾਂ ਦੀ ਵਰਤੋਂ ਵਧੇਗੀ ਅਤੇ ਪੈਦਾਵਾਰ ਵਿੱਚ ਵਾਧਾ ਹੋਵੇਗਾ। ਖਾਸ ਕਰਕੇ ਮਾਲਵਾ ਖੇਤਰ, ਜਿਸ ਨੂੰ ਰਵਾਇਤੀ ਨਰਮਾ ਪੱਟੀ ਮੰਨਿਆ ਜਾਂਦਾ ਹੈ, ਉੱਥੇ ਇਸ ਯੋਜਨਾ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਖੇਤੀਬਾੜੀ ਮੰਤਰੀ ਨੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਿੰਡ-ਪਿੰਡ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਇਹ ਯਕੀਨੀ ਬਣਾਉਣ ਕਿ ਹਰ ਯੋਗ ਕਿਸਾਨ ਤੱਕ ਆਨਲਾਈਨ ਪੋਰਟਲ ਦੀ ਸਹੂਲਤ ਪਹੁੰਚੇ।