- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਦੌਰਾਨ ਦਲੀਲ ਦਿੱਤੀ ਸੀ ਕਿ ਪੰਜਾਬ ਦੇਸ਼ ਦੇ ਕੇਂਦਰੀ ਭੰਡਾਰ 'ਚ ਸਭ ਤੋਂ ਵੱਧ ਕਣਕ ਅਤੇ ਝੋਨਾ ਯੋਗਦਾਨ ਪਾਉਣ ਵਾਲਾ ਸੂਬਾ ਹੈ। ਇਸ ਲਈ ਐੱਫਸੀਆਈ 'ਚ ਅਜਿਹਾ ਅਧਿਕਾਰੀ ਹੋਣਾ ਚਾਹੀਦਾ ਹੈ ਜਿਸ ਨੂੰ ਸੂਬੇ ਦੀ ਖਰੀਦ ਪ੍ਰਣਾਲੀ, ਮੰਡੀ ਢਾਂਚੇ ਅਤੇ ਸਥਾਨਕ ਪ੍ਰਸ਼ਾਸਨ ਦੀ ਡੂੰਘੀ ਸਮਝ ਹੋਵੇ।

ਇੰਦਰਪ੍ਰੀਤ ਸਿੰਘ, ਚੰਡੀਗੜ੍ਹ: ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ (FCI) ਦੇ ਪੰਜਾਬ ਖੇਤਰ 'ਚ ਜਨਰਲ ਮੈਨੇਜਰ ਦੇ ਅਹੁਦੇ 'ਤੇ ਯੂਟੀ ਕੈਡਰ ਦੀ ਅਧਿਕਾਰੀ ਨੀਤਿਕਾ ਪਵਾਰ ਦੀ ਨਿਯੁਕਤੀ ਕਰ ਦਿੱਤੀ ਹੈ। ਨੀਤਿਕਾ 2012 ਬੈਚ ਦੀ ਆਈਏਐੱਸ ਅਫ਼ਸਰ ਹੈ। ਰਵਾਇਤ ਅਨੁਸਾਰ, ਇਸ ਅਹੁਦੇ 'ਤੇ ਆਮ ਤੌਰ 'ਤੇ ਪੰਜਾਬ ਕੈਡਰ ਦੇ ਅਧਿਕਾਰੀ ਦੀ ਤਾਇਨਾਤੀ ਹੁੰਦੀ ਰਹੀ ਹੈ, ਪਰ ਇਸ ਵਾਰ ਕੇਂਦਰ ਨੇ ਵੱਖਰਾ ਫੈਸਲਾ ਲਿਆ ਹੈ। ਕੇਂਦਰੀ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ, ਨੀਤਿਕਾ ਪਵਾਰ ਦੀ ਨਿਯੁਕਤੀ ਤਿੰਨ ਸਾਲਾਂ ਦੀ ਮਿਆਦ ਲਈ ਡੈਪੂਟੇਸ਼ਨ 'ਤੇ ਕੀਤੀ ਗਈ ਹੈ। ਉਨ੍ਹਾਂ ਆਪਣਾ ਅਹੁਦਾ ਸੰਭਾਲ ਲਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਅਹੁਦੇ ਲਈ ਦੋ ਵਾਰ ਆਪਣੇ ਅਧਿਕਾਰੀਆਂ ਦਾ ਪੈਨਲ ਭੇਜਿਆ ਸੀ, ਪਰ ਕੇਂਦਰ ਨੇ ਕਿਸੇ ਵੀ ਅਧਿਕਾਰੀ ਦੀ ਨਿਯੁਕਤੀ ਨੂੰ ਮਨਜ਼ੂਰੀ ਨਹੀਂ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੁੱਦੇ 'ਤੇ ਕੇਂਦਰ ਕੋਲ ਰਸਮੀ ਇਤਰਾਜ਼ ਦਰਜ ਕਰਵਾਇਆ ਸੀ। ਉਨ੍ਹਾਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਦੌਰਾਨ ਦਲੀਲ ਦਿੱਤੀ ਸੀ ਕਿ ਪੰਜਾਬ ਦੇਸ਼ ਦੇ ਕੇਂਦਰੀ ਭੰਡਾਰ 'ਚ ਸਭ ਤੋਂ ਵੱਧ ਕਣਕ ਅਤੇ ਝੋਨਾ ਯੋਗਦਾਨ ਪਾਉਣ ਵਾਲਾ ਸੂਬਾ ਹੈ। ਇਸ ਲਈ ਐੱਫਸੀਆਈ 'ਚ ਅਜਿਹਾ ਅਧਿਕਾਰੀ ਹੋਣਾ ਚਾਹੀਦਾ ਹੈ ਜਿਸ ਨੂੰ ਸੂਬੇ ਦੀ ਖਰੀਦ ਪ੍ਰਣਾਲੀ, ਮੰਡੀ ਢਾਂਚੇ ਅਤੇ ਸਥਾਨਕ ਪ੍ਰਸ਼ਾਸਨ ਦੀ ਡੂੰਘੀ ਸਮਝ ਹੋਵੇ।
ਇਸ ਦੌਰਾਨ, ਐੱਫਸੀਆਈ ਤੋਂ ਪਰਤੇ ਪੰਜਾਬ ਕੈਡਰ ਦੇ ਸੀਨੀਅਰ ਅਧਿਕਾਰੀ ਬੀ. ਸ੍ਰੀਨਿਵਾਸਨ ਨੂੰ ਸੂਬਾ ਸਰਕਾਰ ਨੇ ਪਨਸਪ (PUNSUP) ਵਿਭਾਗ ਦਾ ਮੈਨੇਜਿੰਗ ਡਾਇਰੈਕਟਰ (MD) ਨਿਯੁਕਤ ਕਰ ਦਿੱਤਾ ਹੈ। ਪਨਸਪ ਸੂਬੇ ਦੀਆਂ ਪ੍ਰਮੁੱਖ ਖਰੀਦ ਏਜੰਸੀਆਂ 'ਚੋਂ ਇਕ ਹੈ।
ਇਸ ਨਿਯੁਕਤੀ ਨੂੰ ਕੇਂਦਰ ਅਤੇ ਸੂਬੇ ਦੇ ਸਬੰਧਾਂ ਦੇ ਸੰਦਰਭ 'ਚ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿਚ ਯੂਟੀ ਕੈਡਰ ਦੇ ਅਧਿਕਾਰੀਆਂ ਦੀ ਗਿਣਤੀ ਵਧਾਉਣ ਅਤੇ ਪੰਜਾਬ ਯੂਨੀਵਰਸਿਟੀ ਦੀ ਸੀਨੇਟ 'ਚ ਬਦਲਾਅ ਦੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਹੋ ਚੁੱਕਾ ਹੈ। ਹਾਲਾਂਕਿ, ਯੂਨੀਵਰਸਿਟੀ ਦੇ ਮਾਮਲੇ 'ਚ ਕੇਂਦਰ ਪਿੱਛੇ ਹਟ ਗਿਆ ਸੀ, ਪਰ ਇਸ ਵਾਰ ਪੰਜਾਬ ਸਰਕਾਰ ਦੇ ਵਿਰੋਧ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।