- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਅਨਿਸ਼ਚਿਤਤਾ ਦੇ ਵਿਚਕਾਰ ਪਾਈਪਡ ਨੈਚੁਰਲ ਗੈਸ ਯਾਨੀ ਪੀ.ਐੱਨ.ਜੀ. (PNG) ਦੀ ਮੰਗ ਵਿੱਚ ਅਚਾਨਕ ਤੇਜ਼ੀ ਦੇਖੀ ਜਾ ਰਹੀ ਹੈ। ਲੋਕ ਹੁਣ LPG ਦੇ ਅਜਿਹੇ ਬਦਲ ਵੱਲ ਵਧ ਰਹੇ ਹਨ, ਜੋ ਦਰਾਮਦ 'ਤੇ ਘੱਟ ਨਿਰਭਰ ਹੋਵੇ ਅਤੇ ਜਿਸ ਵਿੱਚ ਸਪਲਾਈ ਰੁਕਣ ਦਾ ਖ਼ਤਰਾ ਘੱਟ ਹੋਵੇ।

ਡਿਜੀਟਲ ਡੈਸਕ, ਚੰਡੀਗੜ੍ਹ: ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਈਰਾਨ ਨਾਲ ਜੁੜੇ ਹਾਲੀਆ ਘਟਨਾਕ੍ਰਮਾਂ ਕਾਰਨ ਹੋਰਮੁਜ਼ ਸਟ੍ਰੇਟ (ਸਮੁੰਦਰ ਦਾ ਤੰਗ ਰਸਤਾ) ਵਿੱਚ ਪੈਦਾ ਹੋਈ ਅਸਥਿਰਤਾ ਨੇ ਗਲੋਬਲ ਊਰਜਾ ਸਪਲਾਈ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਇਸ ਅਹਿਮ ਸਮੁੰਦਰੀ ਮਾਰਗ ਤੋਂ ਗੁਜ਼ਰਨ ਵਾਲੀ ਤੇਲ ਅਤੇ ਗੈਸ ਦੀ ਸਪਲਾਈ 'ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਇਸ ਸੰਕਟ ਦਾ ਸਿੱਧਾ ਅਸਰ ਹੁਣ ਭਾਰਤ ਵਰਗੇ ਦੇਸ਼ਾਂ 'ਤੇ ਵੀ ਦਿਖਣ ਲੱਗਾ ਹੈ, ਜਿੱਥੇ ਐੱਲ.ਪੀ.ਜੀ. (LPG) ਦੀ ਸਪਲਾਈ ਨੂੰ ਲੈ ਕੇ ਅਨਿਸ਼ਚਿਤਤਾ ਵਧ ਗਈ ਹੈ।
ਇਸੇ ਅਨਿਸ਼ਚਿਤਤਾ ਦੇ ਵਿਚਕਾਰ ਪਾਈਪਡ ਨੈਚੁਰਲ ਗੈਸ ਯਾਨੀ ਪੀ.ਐੱਨ.ਜੀ. (PNG) ਦੀ ਮੰਗ ਵਿੱਚ ਅਚਾਨਕ ਤੇਜ਼ੀ ਦੇਖੀ ਜਾ ਰਹੀ ਹੈ। ਲੋਕ ਹੁਣ LPG ਦੇ ਅਜਿਹੇ ਬਦਲ ਵੱਲ ਵਧ ਰਹੇ ਹਨ, ਜੋ ਦਰਾਮਦ 'ਤੇ ਘੱਟ ਨਿਰਭਰ ਹੋਵੇ ਅਤੇ ਜਿਸ ਵਿੱਚ ਸਪਲਾਈ ਰੁਕਣ ਦਾ ਖ਼ਤਰਾ ਘੱਟ ਹੋਵੇ। ਜਾਣਕਾਰ ਦੱਸਦੇ ਹਨ ਕਿ ਹੋਰਮੁਜ਼ ਸਟ੍ਰੇਟ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਊਰਜਾ ਮਾਰਗਾਂ ਵਿੱਚੋਂ ਇੱਕ ਹੈ, ਜਿੱਥੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ LPG ਗੁਜ਼ਰਦੀ ਹੈ। ਜੇਕਰ ਇੱਥੇ ਕਿਸੇ ਵੀ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਤਾਂ ਵਿਸ਼ਵ ਬਾਜ਼ਾਰ ਵਿੱਚ ਊਰਜਾ ਸੰਕਟ ਦੀ ਸਥਿਤੀ ਬਣ ਸਕਦੀ ਹੈ।
ਭਾਰਤ ਲਈ ਇਹ ਚੁਣੌਤੀ ਇਸ ਲਈ ਹੋਰ ਵੱਡੀ ਹੈ, ਕਿਉਂਕਿ ਦੇਸ਼ ਆਪਣੀ ਲੋੜ ਦਾ ਲਗਭਗ 60 ਫ਼ੀਸਦੀ LPG ਦਰਾਮਦ ਕਰਦਾ ਹੈ, ਜਿਸ ਵਿੱਚੋਂ ਜ਼ਿਆਦਾਤਰ ਹਿੱਸਾ ਮੱਧ ਪੂਰਬ ਤੋਂ ਆਉਂਦਾ ਹੈ। ਅਜਿਹੇ ਹਾਲਾਤ ਵਿੱਚ ਹੁਣ PNG ਇੱਕ ਭਰੋਸੇਮੰਦ ਬਦਲ ਵਜੋਂ ਤੇਜ਼ੀ ਨਾਲ ਉੱਭਰ ਰਹੀ ਹੈ। ਇਹ ਗੈਸ ਪਾਈਪਲਾਈਨ ਰਾਹੀਂ ਸਿੱਧੇ ਘਰਾਂ ਤੱਕ ਪਹੁੰਚਦੀ ਹੈ, ਜਿਸ ਨਾਲ ਸਿਲੰਡਰ ਦੀ ਲੋੜ ਖ਼ਤਮ ਹੋ ਜਾਂਦੀ ਹੈ ਅਤੇ ਸਪਲਾਈ ਲਗਾਤਾਰ ਬਣੀ ਰਹਿੰਦੀ ਹੈ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਉਪਲਬਧ ਹੈ PNG
ਇਹੀ ਕਾਰਨ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਉਪਭੋਗਤਾ ਤੇਜ਼ੀ ਨਾਲ LPG ਤੋਂ PNG ਵੱਲ ਰੁਖ ਕਰ ਰਹੇ ਹਨ। ਪੰਜਾਬ ਵਿੱਚ ਵੀ ਇਸ ਬਦਲਾਅ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇੱਥੇ ਗੁਜਰਾਤ ਗੈਸ ਲਿਮਟਿਡ (GGL) ਅਤੇ ਥਿੰਕ ਗੈਸ (Think Gas) ਵਰਗੀਆਂ ਕੰਪਨੀਆਂ PNG ਦੀ ਸਹੂਲਤ ਦੇ ਰਹੀਆਂ ਹਨ।
ਅੰਮ੍ਰਿਤਸਰ, ਬਠਿੰਡਾ ਅਤੇ ਗੁਰਦਾਸਪੁਰ ਵਿੱਚ GGL, ਜਦਕਿ ਲੁਧਿਆਣਾ ਅਤੇ ਜਲੰਧਰ ਵਿੱਚ ਥਿੰਕ ਗੈਸ ਇਹ ਸੇਵਾ ਉਪਲਬਧ ਕਰਵਾ ਰਹੀ ਹੈ। ਅਜੇ PNG ਦੀ ਪਾਈਪਲਾਈਨ ਸਾਰੇ ਖੇਤਰਾਂ ਤੱਕ ਨਹੀਂ ਪਹੁੰਚੀ ਹੈ। ਇਸ ਦਾ ਵਿਸਤਾਰ ਲਗਾਤਾਰ ਜਾਰੀ ਹੈ। ਲੋਕ ਇਸ ਦੀ ਸਥਿਤੀ ਦੀ ਜਾਣਕਾਰੀ ਸਬੰਧਤ ਕੰਪਨੀਆਂ ਦੇ ਅਧਿਕਾਰਤ ਪੇਜ ਤੋਂ ਪ੍ਰਾਪਤ ਕਰ ਸਕਦੇ ਹਨ।
ਜਾਣੋ ਕਿਵੇਂ ਕਰਨਾ ਹੋਵੇਗਾ ਅਪਲਾਈ
PNG ਕਨੈਕਸ਼ਨ ਲੈਣ ਤੋਂ ਪਹਿਲਾਂ ਇਹ ਜਾਂਚਣਾ ਜ਼ਰੂਰੀ ਹੈ ਕਿ ਤੁਹਾਡੇ ਇਲਾਕੇ ਵਿੱਚ ਇਹ ਸਹੂਲਤ ਉਪਲਬਧ ਹੈ ਜਾਂ ਨਹੀਂ। ਤੁਸੀਂ ਇਸ ਦੀ ਜਾਣਕਾਰੀ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਕਸਟਮਰ ਕੇਅਰ ਜਾਂ ਨੇੜਲੇ ਦਫ਼ਤਰ ਵਿੱਚ ਜਾ ਕੇ ਲੈ ਸਕਦੇ ਹੋ। ਜਦੋਂ ਇਹ ਯਕੀਨੀ ਹੋ ਜਾਵੇ ਕਿ ਤੁਹਾਡੇ ਖੇਤਰ ਵਿੱਚ PNG ਉਪਲਬਧ ਹੈ, ਤਦ ਤੁਸੀਂ ਅਪਲਾਈ (Application) ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹੋ।
ਜ਼ਰੂਰੀ ਕਦਮ:
PNG ਕਨੈਕਸ਼ਨ ਲਈ ਤੁਸੀਂ ਆਨਲਾਈਨ, ਮੋਬਾਈਲ ਐਪ ਜਾਂ ਨੇੜਲੇ ਕਸਟਮਰ ਸੈਂਟਰ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।
ਅਰਜ਼ੀ ਵਿੱਚ ਤੁਹਾਨੂੰ ਆਪਣਾ ਨਾਮ, ਪਤਾ ਅਤੇ ਸੰਪਰਕ ਨਾਲ ਜੁੜੀ ਜਾਣਕਾਰੀ ਭਰਨੀ ਪੈਂਦੀ ਹੈ।
ਇਸ ਦੇ ਨਾਲ ਕੁਝ ਜ਼ਰੂਰੀ ਦਸਤਾਵੇਜ਼ ਵੀ ਦੇਣੇ ਹੁੰਦੇ ਹਨ, ਜਿਵੇਂ ਪਛਾਣ ਪੱਤਰ (ਆਧਾਰ, ਪੈਨ), ਪਤੇ ਦਾ ਸਬੂਤ, ਪਾਸਪੋਰਟ ਸਾਈਜ਼ ਫੋਟੋ ਅਤੇ ਘਰ ਦੀ ਮਲਕੀਅਤ ਜਾਂ ਕਿਰਾਇਆਨਾਮਾ।
ਅਰਜ਼ੀ ਤੋਂ ਬਾਅਦ ਤੁਹਾਨੂੰ ਇੱਕ ਸਕਿਓਰਿਟੀ ਡਿਪਾਜ਼ਿਟ ਜਮ੍ਹਾਂ ਕਰਨਾ ਹੁੰਦਾ ਹੈ, ਜੋ ਬਾਅਦ ਵਿੱਚ ਵਾਪਸ ਕੀਤਾ ਜਾ ਸਕਦਾ ਹੈ। ਇਹ ਸਕਿਓਰਿਟੀ ਕਨੈਕਸ਼ਨ ਦੀ ਕਿਸਮ ਅਨੁਸਾਰ ਵੱਖ-ਵੱਖ ਹੋ ਸਕਦੀ ਹੈ।
ਇੰਸਟਾਲੇਸ਼ਨ ਅਤੇ ਗੈਸ ਚਾਲੂ ਹੋਣ ਦੀ ਪ੍ਰਕਿਰਿਆ
ਅਰਜ਼ੀ ਪ੍ਰਵਾਨ ਹੋਣ ਤੋਂ ਬਾਅਦ ਕੰਪਨੀ ਦਾ ਟੈਕਨੀਸ਼ੀਅਨ ਤੁਹਾਡੇ ਘਰ ਦਾ ਨਿਰੀਖਣ ਕਰੇਗਾ। ਇਸ ਤੋਂ ਬਾਅਦ ਪਾਈਪਲਾਈਨ ਵਿਛਾਉਣ ਅਤੇ ਗੈਸ ਮੀਟਰ ਲਗਾਉਣ ਦਾ ਕੰਮ ਤੈਅ ਕੀਤਾ ਜਾਵੇਗਾ। ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਗੈਸ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ ਅਤੇ ਸੁਰੱਖਿਆ ਜਾਂਚ ਦੇ ਨਾਲ ਵਰਤੋਂ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਇਹ ਪੂਰੀ ਪ੍ਰਕਿਰਿਆ 1 ਤੋਂ 4 ਹਫ਼ਤਿਆਂ ਵਿੱਚ ਪੂਰੀ ਹੋ ਜਾਂਦੀ ਹੈ, ਜੋ ਇਲਾਕੇ ਦੀ ਸਹੂਲਤ ਅਤੇ ਇਨਫਰਾਸਟਰਕਚਰ 'ਤੇ ਨਿਰਭਰ ਕਰਦੀ ਹੈ।
PNG ਲਗਵਾਉਣ ਦੇ ਫਾਇਦੇ
PNG ਵਿੱਚ ਗੈਸ ਦੀ ਲਗਾਤਾਰ ਸਪਲਾਈ ਮਿਲਦੀ ਹੈ, ਜਿਸ ਨਾਲ ਸਿਲੰਡਰ ਖ਼ਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ।
ਇਸ ਵਿੱਚ 'ਜਿੰਨੀ ਵਰਤੋਂ ਓਨਾ ਭੁਗਤਾਨ' ਦਾ ਸਿਸਟਮ ਹੁੰਦਾ ਹੈ।
ਇਹ LPG ਦੀ ਤੁਲਨਾ ਵਿੱਚ ਜ਼ਿਆਦਾ ਸੁਰੱਖਿਅਤ ਮੰਨੀ ਜਾਂਦੀ ਹੈ ਅਤੇ ਵਾਤਾਵਰਣ ਲਈ ਵੀ ਬਿਹਤਰ ਹੈ।
ਹੋਰਮੁਜ਼ ਬੰਦ ਹੋਣ ਨਾਲ LPG 'ਤੇ ਅਸਰ
ਈਰਾਨ-ਇਜ਼ਰਾਈਲ ਤਣਾਅ ਤੋਂ ਬਾਅਦ ਹੋਰਮੁਜ਼ ਸਟ੍ਰੇਟ ਬੰਦ ਹੋਣ ਨਾਲ ਦੁਨੀਆ ਦੇ ਊਰਜਾ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ ਹੈ। ਇਹ ਰਸਤਾ ਸਿਰਫ਼ ਕੱਚੇ ਤੇਲ ਹੀ ਨਹੀਂ, ਬਲਕਿ LPG ਅਤੇ ਗੈਸ ਸਪਲਾਈ ਲਈ ਵੀ ਬੇਹਵ ਅਹਿਮ ਹੈ। ਭਾਰਤ ਲਈ ਸਥਿਤੀ ਜ਼ਿਆਦਾ ਗੰਭੀਰ ਹੈ ਕਿਉਂਕਿ ਦੇਸ਼ ਆਪਣੀ ਲੋੜ ਦਾ ਕਰੀਬ 60% LPG ਦਰਾਮਦ ਕਰਦਾ ਹੈ, ਜਿਸ ਵਿੱਚੋਂ ਲਗਭਗ 90% ਮੱਧ ਪੂਰਬ ਤੋਂ ਆਉਂਦਾ ਹੈ। ਘਰੇਲੂ ਉਤਪਾਦਨ ਸਿਰਫ਼ 40% ਮੰਗ ਹੀ ਪੂਰੀ ਕਰ ਪਾਉਂਦਾ ਹੈ, ਜਿਸ ਨਾਲ ਦਰਾਮਦ 'ਤੇ ਨਿਰਭਰਤਾ ਬਹੁਤ ਜ਼ਿਆਦਾ ਬਣੀ ਹੋਈ ਹੈ।
ਭਾਰਤ ਵਿੱਚ ਕਰੀਬ 60% ਘਰ ਖਾਣਾ ਬਣਾਉਣ ਲਈ LPG 'ਤੇ ਨਿਰਭਰ ਹਨ। ਇਹ ਬਦਲਾਅ 2016 ਵਿੱਚ ਸ਼ੁਰੂ ਹੋਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕਾਰਨ ਤੇਜ਼ੀ ਨਾਲ ਆਇਆ, ਜਿਸ ਵਿੱਚ ਗਰੀਬ ਪਰਿਵਾਰਾਂ ਨੂੰ ਗੈਸ ਕਨੈਕਸ਼ਨ ਦਿੱਤੇ ਗਏ। ਇਸ ਯੋਜਨਾ ਤੋਂ ਬਾਅਦ ਦੇਸ਼ ਵਿੱਚ ਕੁੱਲ LPG ਕਨੈਕਸ਼ਨ 31 ਕਰੋੜ ਤੋਂ ਜ਼ਿਆਦਾ ਹੋ ਗਏ ਹਨ। ਫਰਵਰੀ 2026 ਵਿੱਚ LPG ਦੀ ਖਪਤ 2.8 ਮਿਲੀਅਨ ਟਨ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 10% ਜ਼ਿਆਦਾ ਹੈ ਅਤੇ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।