ਪਹਿਲੀ ਪਤਨੀ ਦੇ ਜਿਉਂਦੇ ਜੀਅ ਵਿਆਹ ਕਰਨ ਵਾਲੀ ਨਾ ਤਾਂ ਪਤਨੀ ਤੇ ਨਾ ਹੀ ਵਿਧਵਾ, HC ਨੇ ਫੈਮਿਲੀ ਪੈਨਸ਼ਨ ਦੀ ਮੰਗ ਖ਼ਾਰਜ ਕਰਦਿਆਂ ਸੁਣਾਇਆ ਫੈਸਲਾ
ਜਸਟਿਸ ਸੰਦੀਪ ਮੌਦਗਿਲ ਨੇ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਪਹਿਲਾ ਵਿਆਹ ਜਾਇਜ਼ ਰਹਿੰਦਿਆਂ ਦੂਜਾ ਵਿਆਹ ਕਾਨੂੰਨੀ ਤੌਰ 'ਤੇ ਸਿਫ਼ਰ (null and void) ਹੁੰਦਾ ਹੈ। ਅਜਿਹੇ ਵਿਆਹ ਨਾਲ ਔਰਤ ਨੂੰ ਪਤਨੀ ਜਾਂ ਵਿਧਵਾ ਦਾ ਕਾਨੂੰਨੀ ਦਰਜਾ ਨਹੀਂ ਮਿਲਦਾ।
Publish Date: Sat, 25 Apr 2026 12:04 PM (IST)
Updated Date: Sat, 25 Apr 2026 12:06 PM (IST)
ਰਾਜ ਬਿਊਰੋ, ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਰਿਵਾਰਕ ਪੈਨਸ਼ਨ (ਫੈਮਿਲੀ ਪੈਨਸ਼ਨ) ਨੂੰ ਲੈ ਕੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਸਿਰਫ਼ ਜਾਇਜ਼ (ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ) ਪਤਨੀ ਹੀ ਪੈਨਸ਼ਨ ਦੀ ਹੱਕਦਾਰ ਹੁੰਦੀ ਹੈ। ਪਹਿਲੀ ਪਤਨੀ ਦੇ ਜਿਉਂਦੇ ਜੀਅ ਦੂਜਾ ਵਿਆਹ ਕਰਨ ਵਾਲੀ ਔਰਤ ਨੂੰ ਨਾ ਤਾਂ ਪਤਨੀ ਦਾ ਦਰਜਾ ਮਿਲਦਾ ਹੈ ਅਤੇ ਨਾ ਹੀ ਵਿਧਵਾ ਹੋਣ ਦੇ ਦਾਅਵੇ ਨਾਲ ਫੈਮਿਲੀ ਪੈਨਸ਼ਨ ਦਾ ਅਧਿਕਾਰ।
ਇੱਕ ਔਰਤ ਨੇ ਮ੍ਰਿਤਕ ਫੌਜੀ ਅਧਿਕਾਰੀ ਦੀ ਦੂਜੀ ਪਤਨੀ ਹੋਣ ਦਾ ਦਾਅਵਾ ਕਰਦੇ ਹੋਏ ਫੈਮਿਲੀ ਪੈਨਸ਼ਨ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਕਿਹਾ ਸੀ ਕਿ ਉਸ ਦਾ ਵਿਆਹ ਉਸ ਸਮੇਂ ਹੋਇਆ ਸੀ ਜਦੋਂ ਅਧਿਕਾਰੀ ਦਾ ਪਹਿਲਾ ਵਿਆਹ ਜਾਇਜ਼ ਸੀ ਅਤੇ ਪਹਿਲੀ ਪਤਨੀ ਜ਼ਿੰਦਾ ਸੀ। ਬਾਅਦ ਵਿੱਚ ਪਹਿਲੀ ਪਤਨੀ ਦੀ ਮੌਤ ਹੋ ਗਈ ਅਤੇ ਅਜਿਹੇ ਵਿੱਚ ਹੁਣ ਉਹ ਅਧਿਕਾਰੀ ਦੀ ਵਿਧਵਾ ਹੋਣ ਦੇ ਨਾਤੇ ਫੈਮਿਲੀ ਪੈਨਸ਼ਨ ਦੀ ਹੱਕਦਾਰ ਹੈ।
ਜਸਟਿਸ ਸੰਦੀਪ ਮੌਦਗਿਲ ਨੇ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਪਹਿਲਾ ਵਿਆਹ ਜਾਇਜ਼ ਰਹਿੰਦਿਆਂ ਦੂਜਾ ਵਿਆਹ ਕਾਨੂੰਨੀ ਤੌਰ 'ਤੇ ਸਿਫ਼ਰ (null and void) ਹੁੰਦਾ ਹੈ। ਅਜਿਹੇ ਵਿਆਹ ਨਾਲ ਔਰਤ ਨੂੰ ਪਤਨੀ ਜਾਂ ਵਿਧਵਾ ਦਾ ਕਾਨੂੰਨੀ ਦਰਜਾ ਨਹੀਂ ਮਿਲਦਾ। ਇਨ੍ਹਾਂ ਹਾਲਾਤਾਂ ਵਿੱਚ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਲਈ ਪੈਨਸ਼ਨ ਦਾ ਅਧਿਕਾਰ ਬਾਅਦ ਵਿੱਚ ਵੀ ਪੈਦਾ ਨਹੀਂ ਹੋ ਸਕਦਾ।
ਅਦਾਲਤ ਨੇ ਸਾਫ਼ ਕਿਹਾ ਕਿ ਪੈਨਸ਼ਨ ਦਾ ਅਧਿਕਾਰ ਮ੍ਰਿਤਕ ਕਰਮਚਾਰੀ ਦੀ ਮੌਤ ਸਮੇਂ ਮੌਜੂਦ ਜਾਇਜ਼ ਵਿਆਹੁਤਾ ਸਥਿਤੀ 'ਤੇ ਨਿਰਭਰ ਕਰਦਾ ਹੈ, ਬਾਅਦ ਦੇ ਹਾਲਾਤਾਂ ਨਾਲ ਇਹ ਅਧਿਕਾਰ ਪੈਦਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਦੂਜਾ ਵਿਆਹ, ਜੇਕਰ ਪਹਿਲੇ ਵਿਆਹ ਦੌਰਾਨ ਹੋਇਆ ਹੈ, ਤਾਂ ਉਹ ਆਪਣੇ ਆਪ ਵਿੱਚ ਗੈਰ-ਕਾਨੂੰਨੀ ਹੈ। ਪਹਿਲੀ ਪਤਨੀ ਦੀ ਮੌਤ ਨਾਲ ਇਸ ਗੈਰ-ਕਾਨੂੰਨੀ ਵਿਆਹ ਨੂੰ ਬਾਅਦ ਵਿੱਚ ਜਾਇਜ਼ ਨਹੀਂ ਬਣਾਇਆ ਜਾ ਸਕਦਾ।