ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇਪੀ ਨੱਢਾ ਨੂੰ ਲਿਖਿਆ ਪੱਤਰ, ਕਿਹਾ- ਡੀਏਪੀ ਤੇ ਯੂਰੀਆ ਖਾਦ ਦੀ ਸਪਲਾਈ ਯਕੀਨੀ ਬਣਾਈ ਜਾਵੇ
ਸੂਬੇ ਵਿੱਚ 2 ਤੋਂ 3 ਲੱਖ ਮੀਟ੍ਰਿਕ ਟਨ ਦਾ ਬਫਰ ਸਟਾਕ ਤਿਆਰ ਰੱਖਿਆ ਜਾਵੇ। ਉਨ੍ਹਾਂ ਯੂਰੀਆ ਖਾਦ ਦੀ ਸਪਲਾਈ ਲਈ ਇੱਕ ਮਹੀਨਾਵਾਰ ਸ਼ਡਿਊਲ ਬਣਾ ਕੇ ਪੰਜਾਬ ਸਰਕਾਰ ਨਾਲ ਸਾਂਝਾ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਵੰਡ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਾ ਸਕੇ।
Publish Date: Thu, 11 Jun 2026 06:34 PM (IST)
Updated Date: Thu, 11 Jun 2026 06:36 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇ.ਪੀ. ਨੱਢਾ ਨੂੰ ਚਿੱਠੀ ਲਿਖਕੇ ਪੰਜਾਬ ਵਿਚ ਡੀ.ਏ.ਪੀ. ਤੇ ਯੂਰੀਆ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਢਿੱਲੋਂ ਨੇ ਕਿਹਾ ਕਿ 6 ਜੂਨ ਨੂੰ ਕੇਂਦਰੀ ਮੰਤਰੀ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਵਿਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜਿਸ ਕਰਕੇ ਖ਼ਾਦ ਦੀ ਮੰਗ ਵਧੀ ਹੈ।
ਉਨ੍ਹਾਂ ਕਿਹਾ ਕਿ ਜੂਨ ਅਤੇ ਜੁਲਾਈ ਦੇ ਮਹੀਨਿਆਂ ਵਿਚ ਪੰਜਾਬ ਅੰਦਰ ਖਾਦ ਦੀ ਮੰਗ ਸਿਖ਼ਰ 'ਤੇ ਹੁੰਦੀ ਹੈ ਅਤੇ ਇਸ ਦੌਰਾਨ ਖਾਦ ਦੀ ਕਮੀ ਕਾਰਨ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੇ ਦੁਕਾਨਾਂ ਦੇ ਬਾਹਰ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਕਮੀ ਦਾ ਫ਼ਾਇਦਾ ਚੁੱਕ ਕੇ ਕੁਝ ਗ਼ੈਰ-ਸਮਾਜਿਕ ਅਨਸਰ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਮਜ਼ਬੂਰ ਕਿਸਾਨਾਂ ਨੂੰ ਤੈਅ ਐਮ.ਆਰ.ਪੀ. ਤੋਂ ਵੱਧ ਕੀਮਤਾਂ 'ਤੇ ਖਾਦ ਖਰੀਦਣੀ ਪੈਂਦੀ ਹੈ ਅਤੇ ਉਨ੍ਹਾਂ 'ਤੇ ਆਰਥਿਕ ਬੋਝ ਵਧਦਾ ਹੈ।
ਢਿੱਲੋਂ ਨੇ ਪੰਜਾਬ ਲਈ ਡੀ.ਏ.ਪੀ. ਦਾ ਵਾਧੂ ਕੋਟਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਸੂਬੇ ਵਿੱਚ 2 ਤੋਂ 3 ਲੱਖ ਮੀਟ੍ਰਿਕ ਟਨ ਦਾ ਬਫਰ ਸਟਾਕ ਤਿਆਰ ਰੱਖਿਆ ਜਾਵੇ। ਉਨ੍ਹਾਂ ਯੂਰੀਆ ਖਾਦ ਦੀ ਸਪਲਾਈ ਲਈ ਇੱਕ ਮਹੀਨਾਵਾਰ ਸ਼ਡਿਊਲ ਬਣਾ ਕੇ ਪੰਜਾਬ ਸਰਕਾਰ ਨਾਲ ਸਾਂਝਾ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਵੰਡ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਾ ਸਕੇ। ਉਨ੍ਹਾਂ ਕੇਂਦਰੀ ਮੰਤਰਾਲੇ, ਇਫ਼ਕੋ ਤੇ ਐਨ.ਐਫ.ਐਲ. ਵਰਗੀਆਂ ਖਾਦ ਕੰਪਨੀਆਂ ਅਤੇ ਪੰਜਾਬ ਸਰਕਾਰ ਵਿਚਾਲੇ ਇਕ ਰੀਅਲ-ਟਾਈਮ ਸਾਂਝੀ ਨਿਗਰਾਨੀ ਪ੍ਰਣਾਲੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਬਣਾਉਟੀ ਸ਼ਾਰਟੇਜ ਨੂੰ ਰੋਕਿਆ ਜਾ ਸਕੇ। ਢਿੱਲੋਂ ਨੇ ਪੰਜਾਬ ਦੀ ਸੰਘਣੀ ਖੇਤੀ ਅਤੇ ਦੇਸ਼ ਦੇ ਅੰਨ ਭੰਡਾਰ ਵਿਚ ਸੂਬੇ ਦੇ ਵੱਡੇ ਯੋਗਦਾਨ ਨੂੰ ਮੁੱਖ ਰੱਖਦਿਆਂ ਖਾਦਾਂ ਦੀ ਵੰਡ ਦੇ ਮੌਜੂਦਾ ਫਾਰਮੂਲੇ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਤਾਂ ਜੋ ਪੰਜਾਬ ਨੂੰ ਉਸ ਦੀ ਅਸਲ ਲੋੜ ਮੁਤਾਬਕ ਵੱਧ ਕੋਟਾ ਮਿਲ ਸਕੇ।