- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਉਦਯੋਗਾਂ ਨੂੰ ਲਾਗੂ ਯੋਜਨਾਵਾਂ ਹੇਠ 100 ਫ਼ੀਸਦੀ ਤੱਕ ਪ੍ਰੋਤਸਾਹਨ ਮਿਲੇਗਾ, ਜਦਕਿ ਪਰਾਲੀ ਆਧਾਰਤ ਬਾਇਲਰ ਪਲਾਂਟ ਲਗਾਉਣ ਵਾਲੀਆਂ ਇਕਾਈਆਂ ਨੂੰ 7.5 ਕਰੋੜ ਤੱਕ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ: ਪੰਜਾਬ ਨਿਵੇਸ਼ ਪ੍ਰੋਤਸਾਹਨ ਬਿਊਰੋ ਦੇ ਮੁੱਖ ਕਾਰਜਕਾਰੀ ਅਫ਼ਸਰ ਅਮਿਤ ਢਾਕਾ ਨੇ ਕਿਹਾ ਕਿ ਪੰਜਾਬ ਨੇ 2025–26 ਦੌਰਾਨ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਨਿਵੇਸ਼ ਦਰਜ ਕੀਤਾ ਹੈ, ਜਿਸ ਵਿਚ 60,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਹਾਸਲ ਹੋਏ ਹਨ ਅਤੇ ਸਰਕਾਰ ਨੇ ਅਗਲੇ ਵਿੱਤੀ ਵਰ੍ਹੇ ਲਈ 75,000 ਕਰੋੜ ਰੁਪਏ ਦਾ ਅਹਿਮ ਟੀਚਾ ਨਿਰਧਾਰਤ ਕੀਤਾ ਹੈ, ਜੋ ਉਦਯੋਗਾਂ ਲਈ ਅਨੁਕੂਲ ਵਾਤਾਵਰਨ ਸਿਰਜਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਇੰਡਸਟਰੀਅਲ ਅਤੇ ਬਿਜ਼ਨੈੱਸ ਡਿਵੈਲਪਮੈਂਟ ਪਾਲਿਸੀ 2026 ਵਿਸਤ੍ਰਿਤ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। 24 ਸੈਕਟੋਰਲ ਕਮੇਟੀਆਂ, ਜਿਨ੍ਹਾਂ ਵਿਚ ਉਦਯੋਗਪਤੀ ਅਤੇ ਐੱਮਐੱਸਐੱਮਈ ਪ੍ਰਤੀਨਿਧੀ ਸ਼ਾਮਲ ਸਨ, ਨੇ 2,000 ਤੋਂ ਵੱਧ ਮਾਨਵੀ ਘੰਟਿਆਂ ਦਾ ਵਿਚਾਰ-ਵਟਾਂਦਰਾ ਕੀਤਾ ਅਤੇ 77 ਫ਼ੀਸਦੀ ਸਨਅਤੀ ਸਿਫ਼ਾਰਸ਼ਾਂ ਨੂੰ ਪਾਲਿਸੀ ਵਿਚ ਸ਼ਾਮਲ ਕੀਤਾ ਗਿਆ ਹੈ।
ਮੁਹਾਲੀ ਵਿਚ ਐੱਮਐੱਸਐੱਮਈ ਸਟੇਕਹੋਲਡਰ ਇੰਟਰੈਕਸ਼ਨ ਮੀਟ ਦੌਰਾਨ ਬੋਲਦਿਆਂ ਅਮਿੱਤ ਢਾਕਾ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਪਸੰਦੀਦਾ ਨਿਵੇਸ਼ ਕੇਂਦਰ ਵਜੋਂ ਉਭਰਿਆ ਹੈ। ਰਾਜ ਸਰਕਾਰ ਜਲਦ ਹੀ ਨਵੀਂ ਇੰਡਸਟਰੀਅਲ ਪਾਰਕ ਪਾਲਿਸੀ ਲਾਗੂ ਕਰੇਗੀ, ਜਿਸ ਤਹਿਤ ਘੱਟੋ-ਘੱਟ 25 ਏਕੜ ਦੇ ਵੱਡੇ ਉਦਯੋਗਿਕ ਪਾਰਕ ਉਦਯੋਗਪਤੀਆਂ ਅਤੇ ਰੀਅਲ ਐਸਟੇਟ ਡਿਵੈਲਪਰਾਂ ਦੀ ਸਾਂਝ ਨਾਲ ਵਿਕਸਿਤ ਕੀਤੇ ਜਾਣਗੇ। ਨਿਵੇਸ਼ਕਾਂ ਨੂੰ ਇਕੋ ਰਜਿਸਟਰੇਸ਼ਨ ਪ੍ਰਕਿਰਿਆ ਰਾਹੀਂ ਸੌਖੀਆਂ ਮਨਜ਼ੂਰੀਆਂ ਦਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਨਵੀਆਂ ਨੀਤੀਆਂ ਬਦਲਾਅਕਾਰੀ ਸਾਬਤ ਹੋ ਰਹੀਆਂ ਹਨ। ਜ਼ੀਰੋ ਲਿਕਵਿਡ ਡਿਸਚਾਰਜ ਅਪਣਾਉਣ ਵਾਲੀਆਂ ਮੌਜੂਦਾ ਉਦਯੋਗਿਕ ਇਕਾਈਆਂ ਨੂੰ 10 ਕਰੋੜ ਤੱਕ ਦਾ ਪ੍ਰੋਤਸਾਹਨ ਦਿੱਤਾ ਜਾਵੇਗਾ। ਨਵੇਂ ਉਦਯੋਗਾਂ ਨੂੰ ਲਾਗੂ ਯੋਜਨਾਵਾਂ ਹੇਠ 100 ਫ਼ੀਸਦੀ ਤੱਕ ਪ੍ਰੋਤਸਾਹਨ ਮਿਲੇਗਾ, ਜਦਕਿ ਪਰਾਲੀ ਆਧਾਰਤ ਬਾਇਲਰ ਪਲਾਂਟ ਲਗਾਉਣ ਵਾਲੀਆਂ ਇਕਾਈਆਂ ਨੂੰ 7.5 ਕਰੋੜ ਤੱਕ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਾਤਾਵਰਨ ਸੁਰੱਖਿਆ ਲਈ ਵਚਨਬੱਧ ਹੈ ਅਤੇ ਅਗਲੇ ਪੰਜ ਸਾਲਾਂ ਵਿਚ 85 ਫ਼ੀਸਦੀ ਬਿਜਲੀ ਹਰੇ ਊਰਜਾ ਸਰੋਤਾਂ ਤੋਂ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਇਕ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਕੈਬਨਿਟ ਵੱਲੋਂ ਨਵੀਂ ਅਪਰੇਸ਼ਨ ਅਤੇ ਮੈਨਟੇਨੈਂਸ ਪਾਲਿਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਉਦਯੋਗਪਤੀ ਉਦਯੋਗਿਕ ਖੇਤਰਾਂ ਦੀ ਸੰਭਾਲ ਲਈ ਮੈਨਟੇਨੈਂਸ ਚਾਰਜ ਇਕੱਠੇ ਕਰਕੇ ਇਸਦਾ ਉਪਯੋਗ ਕਰ ਸਕਣਗੇ।
ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸੀਏ ਗਮਾਡਾ ਸਾਕਸ਼ੀ ਸਾਹਨੀ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ, ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ, ਏਡੀਸੀ ਅਨਮੋਲ ਸਿੰਘ ਧਾਲੀਵਾਲ ਤੇ ਗੀਤਿਕਾ ਸਿੰਘ ਅਤੇ ਐੱਸਡੀਐੱਮ ਦਮਨਦੀਪ ਕੌਰ ਅਤੇ ਜੀਐੱਮ ਜ਼ਿਲ੍ਹਾ ਉਦਯੋਗ ਕੇਂਦਰ ਮਨਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।