- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਨੇ ਕਿਹਾ ਕਿ ਇਹ ਸਮਾਜਿਕ-ਰਾਜਨੀਤਿਕ ਅਧਿਐਨ ਦੌਰਾ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਹੋਰ ਖੇਤਰਾਂ ਨੂੰ ਸਮਝਣ ਅਤੇ ਸਿੱਖਣ ਲਈ ਦਾ ਨਿਵੇਕਲਾ ਯਤਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤੇ ਸਾਡੇ ਕਿਸਾਨ ਦੇਸ਼ ਦਾ ਢਿੱਡ ਭਰਦੇ ਹਨ, ਇਸੇ ਕਰਕੇ ਪੰਜਾਬ ਨੂੰ ‘ਭਾਰਤ ਦਾ ਅੰਨਦਾਤਾ ਅਤੇ ਖ਼ੜਗਭੁਜਾ’ ਵਜੋਂ ਮਾਣ ਦਿੱਤਾ ਜਾਂਦਾ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੇ ਵਫ਼ਦ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੀ ਏਕਤਾ ਤੇ ਪ੍ਰਭੂਸੱਤਾ ਵਿੱਚ ਸੂਬੇ ਦੇ ਬੇਮਿਸਾਲ ਯੋਗਦਾਨ, ਬਹਾਦਰੀ ਅਤੇ ਭਾਈਚਾਰਕ ਸਾਂਝ, ਸ਼ਾਨਾਮੱਤੀ ਵਿਰਾਸਤ ਅਤੇ ਭਾਰਤ ਦੀ ਖੜਗ਼ਭੁਜਾ ਅਤੇ ਅੰਨਦਾਤੇ ਵਜੋਂ ਪੰਜਾਬ ਦੇ ਵਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ। ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਨੂੰ ਜਾਂਬਾਜ਼ ਫੌਜੀ ਅਫ਼ਸਰ ਤੇ ਬਹਾਦਰ ਜਵਾਨ ਦਿੱਤੇ ਹਨ, ਜਿਨ੍ਹਾਂ ਨੇ ਹਮੇਸ਼ਾ ਮੂਹਰੇ ਹੋ ਕੇ ਦੇਸ਼ ਲਈ ਸ਼ਾਹਦਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਵੱਲੋਂ 2 ਤੋਂ 6 ਫਰਵਰੀ ਤੱਕ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਇਹ ਸਮਾਜਿਕ-ਰਾਜਨੀਤਿਕ ਅਧਿਐਨ ਦੌਰਾ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਹੋਰ ਖੇਤਰਾਂ ਨੂੰ ਸਮਝਣ ਅਤੇ ਸਿੱਖਣ ਲਈ ਦਾ ਨਿਵੇਕਲਾ ਯਤਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤੇ ਸਾਡੇ ਕਿਸਾਨ ਦੇਸ਼ ਦਾ ਢਿੱਡ ਭਰਦੇ ਹਨ, ਇਸੇ ਕਰਕੇ ਪੰਜਾਬ ਨੂੰ ‘ਭਾਰਤ ਦਾ ਅੰਨਦਾਤਾ ਅਤੇ ਖ਼ੜਗਭੁਜਾ’ ਵਜੋਂ ਮਾਣ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਅਨਾਜ ਉਤਪਾਦਨ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬ ਨੇ ਪਾਇਆ ਹੈ। ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਇਹ ਅਟੱਲ ਤੇ ਕੋਰਾ-ਚਿੱਟਾ ਸੱਚ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਮਾਨ ਨੇ ਕਿਹਾ ਕਿ ਪੰਜਾਬ ਇੱਕ ਸ਼ਾਂਤੀਪੂਰਨ ਸੂਬਾ ਹੈ ਜਿੱਥੇ ਸ਼ਾਂਤੀ, ਮੋਹ-ਪਿਆਰ ਅਤੇ ਭਾਈਚਾਰਕ ਸਾਂਝ ਇੰਨੀ ਮਜ਼ਬੂਤ ਹੈ ਕਿ ਇੱਥੇ ਨਫ਼ਰਤ ਦੇ ਬੀਜ ਨਹੀਂ ਪੁੰਗਰ ਸਕਦੇ। ਸਰਹੱਦੀ ਸੂਬਾ ਹੋਣ ਦੇ ਬਾਵਜੂਦ, ਪੰਜਾਬ ਕਦੇ ਵੀ ਫ਼ਿਰਕਿਆਂ ਵਿਚ ਵੰਡਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ ਤੇ ਗੁਰੂਆਂ ਦੀ ਵਰੋਸਾਈ ਇਹ ਧਰਤੀ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਥਲ, ਜਲਿਆਂਵਾਲਾ ਬਾਗ ਅਤੇ ਹੋਰ ਪਵਿੱਤਰ ਸਥਾਨਾਂ ਦਾ ਘਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸਮਾਜਿਕ-ਰਾਜਨੀਤਿਕ ਅਤੇ ਆਰਥਿਕ ਪੱਖਾਂ ਦਾ ਅਧਿਐਨ ਕਰਨ ਲਈ ਪੰਜਾਬ ਵਿੱਚ ਇੱਕ ਹਫ਼ਤੇ ਦਾ ਦੌਰਾ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਰਾਜਾਂ ਦਾ ਦੌਰਾ ਕਰਨ ਅਤੇ ਉਨ੍ਹਾਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ ਅਤੇ ਧਾਰਮਿਕ ਪਹਿਲੂਆਂ ਬਾਰੇ ਡੂੰਘਾਈ ਨਾਲ ਜਾਣਨ ਦਾ ਮੌਕਾ ਪ੍ਰਦਾਨ ਕਰਨਾ ਹੈ। ਵਫ਼ਦ ਵਿਚ ਕੁੱਲ 16 ਅਧਿਕਾਰੀ ਹਨ, ਜਿਨ੍ਹਾਂ ਵਿੱਚੋਂ ਵਿਦੇਸ਼ੀ ਅਧਿਕਾਰੀਆਂ ਦੀ ਨੁਮਾਇੰਦਗੀ 31 ਫੀਸਦ ਹੈ, ਕਿਉਂਕਿ 16 ਅਧਿਕਾਰੀਆਂ ਵਿੱਚੋਂ ਪੰਜ ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਨੇਪਾਲ ਤੋਂ ਹਨ। 11 ਭਾਰਤੀ ਅਧਿਕਾਰੀਆਂ ’ਚੋਂ ਫੌਜ ਦੇ ਪੰਜ, ਜਲ ਸੈਨਾ ਦੇ ਦੋ, ਹਵਾਈ ਸੈਨਾ ਦੇ ਦੋ, ਏਐੱਫਐੱਚਕਿਊੂਸੀਐੱਸ ਦਾ ਇੱਕ ਅਤੇ ਡੀਓਐੱਲਆਰ ਦਾ ਇੱਕ ਅਧਿਕਾਰੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਫ਼ਦ ਵਿਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਬ੍ਰਿਗੇਡੀਅਰ ਜਾਂ ਸਕੱਤਰ ਪੱਧਰ ਦੇ ਅਧਿਕਾਰੀ ਦੇ ਨਾਲ-ਨਾਲ ਸਿਵਲ ਅਧਿਕਾਰੀ ਵੀ ਸ਼ਾਮਲ ਹਨ।