ਏਅਰ ਸ਼ੋਅ ਦੇ ਮੱਦੇਨਜ਼ਰ ਸੁਰੱਖਿਅਤ ਉਡਾਣ ਯਕੀਨੀ ਬਣਾਉਣ ਲਈ ਮਨਾਹੀ ਦੇ ਹੁਕਮ ਜਾਰੀ
ਏਅਰ ਸ਼ੋਅ ਦੇ ਮੱਦੇਨਜ਼ਰ ਸੁਰੱਖਿਅਤ ਉਡਾਣ ਯਕੀਨੀ ਬਣਾਉਣ ਲਈ ਮਨਾਹੀ ਦੇ ਹੁਕਮ ਜਾਰੀ
Publish Date: Mon, 15 Sep 2025 07:05 PM (IST)
Updated Date: Mon, 15 Sep 2025 07:05 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਆਉਂਦੀ 26 ਸਤੰਬਰ ਨੂੰ ਏਅਰ ਫੋਰਸ ਸਟੇਸ਼ਨ ’ਤੇ ਹੋਣ ਵਾਲੇ ਆਗਾਮੀ ਏਅਰ ਸ਼ੋਅ ਦੇ ਮੱਦੇਨਜ਼ਰ, ਐੱਸਏਐੱਸ ਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਜ਼ਿਲ੍ਹਾ ਸੀਮਾਵਾਂ ਵਿਚ ਸੁਰੱਖਿਅਤ ਉਡਾਣ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਭਾਰਤੀ ਸਿਵਲ ਡਿਫੈਂਸ ਕੋਡ, 2023 (2023 ਦਾ 46) ਦੇ ਅਧਿਆਏ ਗਿਆਰ੍ਹਵਾਂ (ਸੀ-ਪਰੇਸ਼ਾਨੀ ਜਾਂ ਸੰਭਾਵੀ ਖ਼ਤਰੇ ਦੇ ਜ਼ਰੂਰੀ ਮਾਮਲੇ) ਦੀ ਧਾਰਾ 163 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤੇ ਗਏ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਦੀ ਚਾਰਦੀਵਾਰੀ ਅਤੇ ਇਸਦੇ ਆਸ-ਪਾਸ ਦੇ ਦਸ ਕਿਲੋਮੀਟਰ ਦੇ ਘੇਰੇ ਵਿਚ ਕਬੂਤਰਾਂ ਜਾਂ ਕਿਸੇ ਹੋਰ ਪੰਛੀ ਨੂੰ ਦਾਣਾ ਖੁਆਉਣ ਦੀ ਸਖ਼ਤ ਮਨਾਹੀ ਹੈ। ਇਸੇ ਤਰ੍ਹਾਂ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਸਥਾਨਕ ਲੋਕਾਂ ਨੂੰ ਕਬੂਤਰਾਂ ਨੂੰ ਦਾਣਾ ਨਾ ਖੁਆਉਣ ਲਈ ਜਾਗਰੂਕ ਕਰਨ ਲਈ ਜਨਤਕ ਜਾਗਰੂਕਤਾ ਕੀਤੀ ਜਾਵੇਗੀ। ਇਸ ਮੌਕੇ ਸਬੰਧਿਤ ਵਿਭਾਗ ਏਅਰਫੀਲਡ ਦੇ ਆਲੇ-ਦੁਆਲੇ ਚੱਲ ਰਹੀਆਂ ਅਣ-ਅਧਿਕਾਰਤ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣਗੇ। ਥਾਨਕ ਵਾਸੀਆਂ, ਦੁਕਾਨਦਾਰਾਂ, ਵਿਕਰੇਤਾਵਾਂ ਅਤੇ ਸੰਗਠਨਾਂ ਨੂੰ ਹਵਾਈ ਅੱਡੇ ਦੇ ਆਲੇ-ਦੁਆਲੇ ਕਬੂਤਰਾਂ ਅਤੇ ਹੋਰ ਪੰਛੀਆਂ ਨੂੰ ਆਕਰਸ਼ਿਤ ਕਰਨ ਵਾਲੀਆਂ ਸਰਗਰਮੀਆਂ ਤੋਂ ਗੁਰੇਜ਼ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਨਗਰ ਨਿਗਮ/ਸਥਾਨਕ ਸੰਸਥਾਵਾਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ-2016 ਅਤੇ ਸਵੱਛ ਭਾਰਤ ਮਿਸ਼ਨ ਦੇ ਸਿਧਾਂਤਾਂ ਅਨੁਸਾਰ ਕੂੜੇ ਦੇ ਸਹੀ ਇਕੱਤਰਣ ਅਤੇ ਨਿਪਟਾਰੇ ਲਈ ਤੁਰੰਤ ਅਤੇ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਕਿਹਾ ਕਿ ਇਸ ਹੁਕਮ ਦੀ ਉਲੰਘਣਾ ਕਰਨ ’ਤੇ ਕਾਨੂੰਨ ਦੇ ਸਬੰਧਿਤ ਉਪਬੰਧਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਪੁਲਿਸ, ਅਰਧ ਸੈਨਿਕ ਬਲਾਂ, ਹਵਾਈ ਸੈਨਾ, ਵਿਸ਼ੇਸ਼ ਪੁਲਿਸ ਬਲ (ਐੱਸਪੀਜੀ) ਦੇ ਕਰਮਚਾਰੀਆਂ ਅਤੇ ਸਮਰੱਥ ਸਰਕਾਰੀ ਅਥਾਰਟੀ ਦੁਆਰਾ ਅਧਿਕਾਰਤ ਵਿਅਕਤੀਆਂ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ’ਤੇ ਲਾਗੂ ਨਹੀਂ ਹੋਵੇਗਾ ਅਤੇ 27 ਸਤੰਬਰ 2025 ਤਕ ਲਾਗੂ ਰਹੇਗਾ।