ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਦੇ ਮਾਲਕਾਂ ਨੇ ਇਸ ਸਮਿਟ ’ਚ ਸ਼ਾਮਲ ਹੋ ਕੇ ਪੰਜਾਬ ’ਚ ਨਿਵੇਸ਼ ਲਈ ਆਪਣੀ ਦਿਲਚਸਪੀ ਦਿਖਾਈ। ਪਹਿਲੇ ਹੀ ਦਿਨ ਸੂਬੇ ’ਚ 10,000 ਕਰੋੜ ਦਾ ਨਿਵੇਸ਼ ਕਰਨ ਦਾ ਵੱਖ-ਵੱਖ ਕੰਪਨੀਆਂ ਨੇ ਐਲਾਨ ਕੀਤਾ। ਇਨ੍ਹਾਂ ’ਚ ਹਿੰਦੁਸਤਾਨ ਮਿੱਤਲ ਐਨਰਜੀ ਲਿਮਟਿਡ (ਐੱਚਐੱਮਈਐੱਲ) 2,600 ਕਰੋੜ ਤੇ ਜਿੰਦਲ ਸਾਊਥ ਵੈਸਟ (ਜੇਐੱਸਡਬਲਯੂ) ਸਟੀਲ ਲਿਮਟਿਡ 3,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।

ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ’ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਮੋਹਾਲੀ ’ਚ ਕਰਵਾਈ ਜਾ ਰਹੀ ਤਿੰਨ ਦਿਨਾ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਸ ਸਮਿਟ ਦਾ ਸ਼ੁੱਕਰਵਾਰ ਨੂੰ ਉਦਘਾਟਨ ਹੋਇਆ। ਸਮਿਟ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਨ ਜਦਕਿ ਸਮਿਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਦੇ ਮਾਲਕਾਂ ਨੇ ਇਸ ਸਮਿਟ ’ਚ ਸ਼ਾਮਲ ਹੋ ਕੇ ਪੰਜਾਬ ’ਚ ਨਿਵੇਸ਼ ਲਈ ਆਪਣੀ ਦਿਲਚਸਪੀ ਦਿਖਾਈ। ਪਹਿਲੇ ਹੀ ਦਿਨ ਸੂਬੇ ’ਚ 10,000 ਕਰੋੜ ਦਾ ਨਿਵੇਸ਼ ਕਰਨ ਦਾ ਵੱਖ-ਵੱਖ ਕੰਪਨੀਆਂ ਨੇ ਐਲਾਨ ਕੀਤਾ। ਇਨ੍ਹਾਂ ’ਚ ਹਿੰਦੁਸਤਾਨ ਮਿੱਤਲ ਐਨਰਜੀ ਲਿਮਟਿਡ (ਐੱਚਐੱਮਈਐੱਲ) 2,600 ਕਰੋੜ ਤੇ ਜਿੰਦਲ ਸਾਊਥ ਵੈਸਟ (ਜੇਐੱਸਡਬਲਯੂ) ਸਟੀਲ ਲਿਮਟਿਡ 3,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ।
ਮੋਹਾਲੀ ਦੀ ਪਲਾਕਸ਼ਾ ਯੂਨੀਵਰਸਿਟੀ ’ਚ ਹੋਏ ਇਸ ਸੰਮੇਲਨ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਸ ਸੰਮੇਲਨ ਨਾਲ ਇਕੋਨਾਮਿਕ ਗ੍ਰੋਥ, ਰੁਜ਼ਗਾਰ ਤੇ ਇੰਡਸਟਰੀਅਲ ਵਿਸਥਾਰ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਦੀ ਗੱਲ ਹੈ ਕਿ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਸ ਸਮਿਟ 2026 ਦੇ ਪਹਿਲੇ ਹੀ ਦਿਨ ਸੂਬੇ ਨੇ 10 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਇਨਵੈਸਟਮੈਂਟ ਹਾਸਲ ਕੀਤੀ ਹੈ। ਐੱਚਐੱਮਈਐੱਲ, ਟਾਟਾ ਸਟੀਲ, ਜਿੰਦਲ ਸਟੀਲ, ਟ੍ਰਾਈਡੈਂਟ ਗਰੁੱਪ, ਹੀਰੋ ਇੰਡਸਟਰੀਜ਼ ਤੇ ਕਈ ਦੂਜੀਆਂ ਵੱਡੀਆਂ ਇੰਡਸਟਰੀਆਂ ਨੇ ਸੂਬੇ ’ਚ ਆਪਣੇ ਵੈਂਚਰਸ ਨੂੰ ਵਧਾਉਣ ਅਤੇ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬੀ ਆਪਣੀ ਇੰਟਰਪਿਓਨਰਸ਼ਿਪ ਦੀ ਕਾਬਲੀਅਤ, ਇਨੋਵੇਸ਼ਨ ਤੇ ਸਮੱਸਿਆਵਾਂ ਨੂੰ ਹੱਲ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ 20-20 ਘੰਟੇ ਕੰਮ ਕਰਦੇ ਹੋਏ ਹਰ ਥਾਂ ਮਿਲਣਗੇ, ਜਿਸ ਦੇ ਨਾਲ ਉਨ੍ਹਾਂ ਨੇ ਅੱਜ ਦੇਸ਼-ਵਿਦੇਸ਼ ’ਚ ਵੱਡੇ-ਵੱਡੇ ਉਦਯੋਗ ਖੜ੍ਹੇ ਕੀਤੇ ਹਨ।
ਸਮਿਟ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਦੇ ਉਦਯੋਗਪਤੀਆਂ ਨੂੰ ਚੁਣੌਤੀ ਭਰਿਆ ਆਫਰ ਦਿੰਦੇ ਹੋਏ ਕਿਹਾ ਕਿ ਉਹ ਚੀਨ ਤੋਂ ਦਰਾਮਦ ਹੋਣ ਵਾਲਾ ਇਕ-ਇਕ ਸਾਮਾਨ ਪੰਜਾਬ ’ਚ ਬਣਾਉਣ। ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਕੀ ਉਮੀਦ ਹੈ, ਉਹ ਦੱਸਣ, ਉਨ੍ਹਾਂ ਨੂੰ ਹਰ ਚੀਜ਼ ਮੁਹੱਈਆ ਕਰਵਾਈ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ’ਚ ਆਈਆਈਟੀ, ਆਈਆਈਐੱਮ ਤੋਂ ਨਿਕਲੇ ਹੋਏ ਲੋਕ ਹਨ। ਅਸੀਂ ਜੰਗਾਂ ਕਾਰਨ ਬਰਬਾਦੀ ਦੇਖਣ ਵਾਲੇ ਜਰਮਨੀ, ਜਾਪਾਨ, ਚੀਨ, ਕੋਰੀਆ, ਸਿੰਗਾਪੁਰ ਆਦਿ ਦੇਸ਼, ਜਿਹੜੇ ਹੁਣ ਦੁਨੀਆ ਦੀਆਂ ਪ੍ਰਸਿੱਧ ਆਰਥਿਕ ਮਹਾਸ਼ਕਤੀ ਬਣ ਗਏ ਹਨ, ਦਾ ਅਧਿਐਨ ਕੀਤਾ। ਅਸੀਂ ਇਸ ਗੱਲ ਨੂੰ ਸਮਝਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਆਪਣੀ ਇੰਡਸਟਰੀ ਦੇ ਨਾਲ-ਨਾਲ ਮਨੁੱਖੀ ਵਸੀਲਿਆਂ ’ਤੇ ਕੰਮ ਕੀਤਾ। ਸਾਡੀ ਸਰਕਾਰ ਨੇ ਵੀ ਠੀਕ ਉਸੇ ਤਰ੍ਹਾਂ ਕੰਮ ਕੀਤਾ ਜਿਸ ਨਾਲ ਅੱਜ ਪੰਜਾਬ ਮੁੜ ਆਰਥਿਕਤਾ ਦੀ ਪਟੜੀ ’ਤੇ ਆ ਗਿਆ ਹੈ।
ਮਸ਼ਹੂਰ ਉਦਯੋਗਪਤੀ ਤੇ ਹਿੰਦੁਸਤਾਨ ਮਿੱਤਲ ਐਨਰਜੀ ਲਿਮਟਿਡ (ਐੱਚਐੱਮਈਐੱਲ) ਦੇ ਮਾਲਕ ਲਕਸ਼ਮੀ ਨਿਵਾਸ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਆਉਣ ਵਾਲੇ ਸਮੇਂ ’ਚ ਬਠਿੰਡਾ ਨੂੰ ਫੋਕਸ ਕਰਦੇ ਹੋਏ 2,600 ਕਰੋੜ ਰੁਪਏ ਦਾ ਨਵਾਂ ਨਿਵੇਸ਼ ਕਰੇਗੀ। ਜਿੰਦਲ ਸਾਊਥ ਵੈਸਟ (ਜੇਐੱਸਡਬਲਯੂ) ਸਟੀਲ ਲਿਮਟਿਡ ਦੇ ਸੱਜਣ ਜਿੰਦਲ ਨੇ ਕਿਹਾ ਕਿ ਚੰਡੀਗੜ੍ਹ ਤੇ ਉਸ ਦੇ ਆਸਪਾਸ ਕਈ ਪਲਾਂਟ ਲਗਾਏ ਹਨ ਪਰ ਜਿੰਨਾ ਵੀ ਵਿਸਥਾਰ ਕਰਦੇ ਹਨ, ਉਹ ਛੋਟਾ ਹੀ ਪੈ ਜਾਂਦਾ ਹੈ। ਸੂਬੇ ’ਚ 3,000 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰ ਕੇ ਇਸ ਵਾਰ ਪਹਿਲਾ ਜਿੰਨਾ ਹੀ ਵਿਸਥਾਰਤ ਪਲਾਂਟ ਲਗਾਇਆ ਜਾਵੇਗਾ ਕਿ ਉਹ ਛੋਟਾ ਨਾ ਪਵੇ। ਟਾਟਾ ਸਟੀਲ ਦੇ ਸੀਈਓ-ਕਮ-ਐੱਮਡੀ ਟੀਵੀ ਨਰੇਂਦਰਨ ਨੇ ਕਿਹਾ ਕਿ ਅਸੀਂ ਦੋ ਸਾਲ ਪਹਿਲਾਂ ਆਪਣੇ ਬੋਰਡ ’ਚ ਲੁਧਿਆਣਾ ’ਚ ਪਲਾਂਟ ਲਗਾਉਣ ਨੂੰ ਮਨਜ਼ੂਰੀ ਦਿੱਤੀ ਸੀ ਤੇ ਪੰਜਾਬ ਸਰਕਾਰ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਿਸ ਨਾਲ ਅਸੀਂ ਰਿਕਾਰਡ ਸਮੇਂ ’ਚ ਇਹ ਯੂਨਿਟ ਲਗਾ ਸਕੇ।