ਐਕਟ ਦੀ ਉਲੰਘਣਾ ਕਾਰਨ ‘ਪਲੈਨ-ਟੂ-ਪਲੈਨ’ ਫਰਮ ਦੀ ਲਾਇਸੈਂਸ ਅਰਜ਼ੀ ਦਫ਼ਤਰ ਦਾਖ਼ਲ

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 3 ਅਤੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਪਲੈਨ-ਟੂ-ਪਲੈਨ ਐੱਸਸੀਓ ਨੰਬਰ-22, ਦੂਜੀ ਮੰਜ਼ਲ, ਸੰਨੀ ਇਨਕਲੇਵ, ਸੈਕਟਰ-125, (ਮੁਹਾਲੀ) ਦੀ ਉਸ ਨੂੰ ਅਰਜ਼ੀ ਨੂੰ ਦਫ਼ਤਰ ਦਾਖ਼ਲ ਕਰ ਦਿੱਤਾ ਹੈ। ਜਿਸ ਰਾਹੀਂ ਪ੍ਰਾਰਥੀ ਨੇ ਆਪਣੇ ਦਫ਼ਤਰ ਵਿਚ ਟਰੈਵਲ ਏਜੰਸੀ, ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮਾਂ ਸਬੰਧੀ ਲਾਇਸੈਂਸ ਲੈਣ ਲਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪਲਾਈ ਕੀਤਾ ਸੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਟਰੈਵਲ ਏਜੰਸੀ, ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਈਲੇਟਸ ਦੇ ਕੰਮਾਂ ਲਈ ਲਾਇਸੈਂਸ ਜਾਰੀ ਕਰਨ ਲਈ ਦਰਖ਼ਾਸਤ ਦਿੱਤੀ ਸੀ। ਪ੍ਰਾਰਥੀ ਦੀ ਦਰਖ਼ਾਸਤ (ਸਮੇਤ ਸਹਿ ਪੱਤਰਾਂ) ਨੂੰ ਵਾਚਣ ਤੋਂ ਪਾਇਆ ਗਿਆ ਕਿ ਉਸ ਵੱਲੋਂ ਐਕਟ/ਰੂਲਾਂ ਅਤੇ ਇਸ ਦਫ਼ਤਰ ਦੀ ਵੈੱਬਸਾਈਟ sasnagar.nic.in ’ਤੇ ਉਪਲਬੱਧ ਚੈੱਕਲਿਸ਼ਟ ਅਨੁਸਾਰ ਮੁਕੰਮਲ ਦਸਤਾਵੇਜ਼ ਅਰਜ਼ੀ ਨਾਲ ਪੇਸ਼ ਨਹੀਂ ਕੀਤੇ ਗਏ ਹਨ। ਜਿਸ ਸਬੰਧੀ ਪ੍ਰਾਰਥੀ ਨੂੰ ਲਿਖਿਆ ਗਿਆ ਸੀ ਕਿ ਸਾਰੇ ਲੁੜੀਂਦੇ ਦਸਤਾਵੇਜ਼ ਡੀਸੀ ਦਫ਼ਤਰ ਵਿਚ ਪੇਸ਼ ਕੀਤੇ ਜਾਣ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਬਿਨੈਕਾਰ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਐਕਟ/ਰੂਲਾਂ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਐੱਸਐੱਸਪੀ ਨੂੰ ਅਪੀਲ ਕੀਤੀ ਗਈ ਸੀ ਕਿ ਉਕਤ ਐਕਟ ਦੇ ਸੈਕਸ਼ਨ 3 ਅਤੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਅਧਿਕਾਰੀ ਨੇ ਦੱਸਿਆ ਕਿ ਉਕਤ ਫਰਮ ਖ਼ਿਲਾਫ਼ ਇਕ ਸ਼ਿਕਾਇਤ ਪਰਮਜੀਤ ਸਿੰਘ ਸ਼ੈਰੀ ਵਾਸੀ ਮੁਹਾਲੀ ਵੱਲੋਂ ਡੀਸੀ ਦਫ਼ਤਰ ਵਿਚ ਪ੍ਰਾਪਤ ਹੋਈ ਸੀ। ਜਿਸ ਵਿਚ ਲਿਖਿਆ ਗਿਆ ਸੀ ਕਿ ਪਲੈਨ-ਟੂ-ਪਲੈਨ ਇੰਮੀਗਰੇਸ਼ਨ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਅਤੇ ਉਸ ਦੇ ਪੈਸੇ ਵਾਪਸ ਕਰਵਾਉਣ ਅਤੇ ਫਰਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਖਰੜ ਦੇ ਐੱਸਡੀਐੱਮ ਨੂੰ ਪੜਤਾਲ ਕਰਨ ਲਈ ਕਿਹਾ ਗਿਆ ਸੀ।
ਐੱਸਡੀਐੱਮ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਪਲੈਨ-ਟੂ-ਪਲੈਨ ਇਮੀਗ੍ਰੇਸ਼ਨ ਨੂੰ ਦਫ਼ਤਰ ਵਿਚ ਹਾਜ਼ਰ ਹੋਣ ਲਈ ਪਾਬੰਦ ਕੀਤਾ ਗਿਆ ਸੀ। ਰਿਪੋਰਟ ਮੁਤਾਬਿਕ ਉਹ ਉਕਤ ਪਤੇ ’ਤੇ ਗਿਆ ਸੀ, ਉਸ ਦੇ ਸ਼ੋਅਰੂਮ ਦੇ ਮਾਲਕ ਨੂੰ ਪੁੱਛਿਆ ਗਿਆ। ਜਿਸ ਨੇ ਦੱਸਿਆ ਕਿ ਇਹ ਸ਼ੋਅਰੂਮ ਇਕ ਮਹੀਨਾ ਤੋਂ ਬੰਦ ਹੈ। ਐੱਸਡੀਐੱਮ ਵੱਲੋਂ ਉਸ ਦੇ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਰਿਪੋਰਟ ਡੀਸੀ ਦਫ਼ਤਰ ਨੂੰ ਭੇਜੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪ੍ਰਾਰਥੀ ਮਲਕੀਤ ਸਿੰਘ ਮਾਲਕ ਪਲੈਨ-ਟੂ-ਪਲੈਨ ਵੱਲੋਂ ਦਿੱਤੀ ਦਰਖ਼ਾਸਤ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 3 ਅਤੇ ਸੈਕਸ਼ਨ 6 (1) (ਈ) ਦੀ ਉਲੰਘਣਾ ਕਰਨ ਕਰ ਕੇ ਉਸ ਦੀ ਟਰੈਵਲ ਏਜੰਸੀ, ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮਾਂ ਦਾ ਲਾਇਸੈਂਸ ਜਾਰੀ ਕਰਨ ਸਬੰਧੀ ਦਿੱਤੀ ਦਰਖ਼ਾਸਤ ਨੂੰ ਦਫ਼ਤਰ ’ਚ ਦਾਖ਼ਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਟ/ਰੂਲਾਂ ਵਿਚ ਦਰਸਾਏ ਅਨੁਸਾਰ ਉਕਤ ਪ੍ਰਾਰਥੀ/ਫਰਮ/ਉਸ ਦੇ ਹਿੱਸੇਦਾਰਾਂ ਖ਼ਿਲਾਫ਼ ਭਵਿੱਖ ਵਿਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਸਾਰੇ ਹਿੱਸੇਦਾਰ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।