ਗੰਦਗੀ ਦੇ ਢੇਰ ਸਵੱਛ ਭਾਰਤ ਮੁਹਿੰਮ ਦੀ ਖੋਲ੍ਹ ਰਹੇ ਨੇ ਪੋਲ
ਗੰਦਗੀ ਦੇ ਢੇਰ ਸਵੱਛ ਭਾਰਤ ਅਭਿਆਨ ਦੀ ਖੋਲ੍ਹ ਰਹੇ ਨੇ ਪੋਲ
Publish Date: Mon, 04 May 2026 06:21 PM (IST)
Updated Date: Mon, 04 May 2026 06:23 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਖੇਤਰ ਵਿਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਲੱਖਾਂ ਰੁਪਏ ਖਰਚੇ ਜਾਣ ਦੇ ਬਾਵਜੂਦ ਲੋਕ ਗੰਦਗੀ ਭਰੇ ਮਾਹੌਲ ਵਿਚ ਰਹਿਣ ਨੂੰ ਮਜਬੂਰ ਹਨ। ਅਜਿਹਾ ਹੀ ਨਜ਼ਾਰਾ ਮੁਬਾਰਕਪੁਰ ਸੜਕ ’ਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਵੇਖਣ ਨੂੰ ਮਿਲਦਾ ਹੈ। ਇੱਥੇ ਛੋਟੇ-ਛੋਟੇ ਬੱਚੇ ਪੜ੍ਹਨ ਆਉਂਦੇ ਹਨ, ਪਰ ਕੂੜੇ ਦੇ ਢੇਰ ਨੇੜਿਓਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ। ਸਕੂਲ ਪ੍ਰਬੰਧਨ ਨੇ ਕਈ ਵਾਰ ਸ਼ਿਕਾਇਤ ਵੀ ਕੀਤੀ, ਪਰ ਲੋਕਾਂ ਵੱਲੋਂ ਕੂੜਾ ਸੁੱਟਣਾ ਬੰਦ ਨਹੀਂ ਹੋਇਆ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 11 ਸਾਲ ਪਹਿਲਾਂ ਮੀਰਪੁਰ ਅਤੇ ਮੁਬਾਰਕਪੁਰ ਨੂੰ ਡੇਰਾਬੱਸੀ ਨਗਰ ਕੌਂਸਲ ਵਿਚ ਸ਼ਾਮਲ ਕੀਤਾ ਗਿਆ ਸੀ। ਵਿਕਾਸ ਕੰਮਾਂ ’ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਗਏ, ਪਰ ਸਫ਼ਾਈ ਦਾ ਹਾਲ ਅੱਜ ਵੀ ਖ਼ਰਾਬ ਹੈ। ਉਕਤ ਸਕੂਲ ਦੇ ਬਾਹਰ ਕਈ-ਕਈ ਦਿਨ ਸਫ਼ਾਈ ਨਹੀਂ ਹੁੰਦੀ। ਪਿੰਡ ਮੀਰਪੁਰ ਵਾਸੀ ਸੰਜੀਵ ਕੁਮਾਰ ਨੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਨੂੰ ਵਿਖਾਉਂਦੇ ਕਿਹਾ ਕਿ ਇੱਥੇ ਕਈ ਸਾਲਾਂ ਤੋਂ ਖੁੱਲ੍ਹੇ ਵਿਚ ਕੂੜਾ ਸੁੱਟ ਕੇ ਗੰਦਗੀ ਫ਼ੈਲਾਈ ਜਾ ਰਹੀ ਹੈ। ਇੱਥੇ ਕੂੜਾ ਚੁੱਕਣ ਦੀ ਥਾਂ ਅੱਗ ਲੱਗਾ ਦਿੱਤੀ ਜਾਂਦੀ ਹੈ, ਜਿਸ ਨਾਲ ਆਬੋ ਹਵਾ ਤਾਂ ਪ੍ਰਦੂਸ਼ਿਤ ਹੋ ਹੀ ਰਹੀਂ ਹੈ, ਉਥੇ ਹੀ ਹਰੇ ਭਰੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ। ਕਈ ਵੱਡੇ-ਵੱਡੇ ਦਰੱਖਤ ਅੱਗ ਦੀ ਲਪੇਟ ਵਿਚ ਆਉਣ ਕਰ ਕੇ ਖ਼ਤਮ ਹੋ ਚੁੱਕੇ ਹਨ। ਖੇਤਰ ਦੇ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਡੇਰਾਬੱਸੀ ਨਗਰ ਕੌਂਸਲ ਸਾਫ਼-ਸਫ਼ਾਈ ਵੱਲ ਧਿਆਨ ਨਹੀਂ ਦੇ ਰਹੀ।