ਤੇਲ ਦੀਆਂ ਕੀਮਤਾਂ ਨੇ ਕਢਾਏ ਵੱਟ: 9 ਦਿਨਾਂ ’ਚ ਤੀਜੀ ਵਾਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਆਮ ਲੋਕਾਂ 'ਤੇ ਵਧਿਆ ਬੋਝ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦਾ ਸਿਲਸਿਲਾ ਜਾਰੀ ਹੈ। ਨੌਂ ਦਿਨਾਂ ਦੇ ਅੰਦਰ ਤੀਜੀ ਵਾਰ ਤੇਲ ਕੰਪਨੀਆਂ ਨੇ ਬਾਲਣ ਦੇ ਦਾਮ ਵਧਾ ਦਿੱਤੇ ਹਨ, ਜਿਸ ਨਾਲ ਆਮ ਜਨਤਾ, ਟ੍ਰਾਂਸਪੋਰਟ ਕਾਰੋਬਾਰ ਅਤੇ ਉਦਯੋਗ ਜਗਤ ਦੀਆਂ ਚਿੰਤਾਵਾਂ ਵਧ ਗਈਆਂ ਹਨ।
Publish Date: Sat, 23 May 2026 11:07 AM (IST)
Updated Date: Sat, 23 May 2026 11:12 AM (IST)
ਮੁਨੀਸ਼ ਸ਼ਰਮਾ, ਜਾਗਰਣ, ਲੁਧਿਆਣਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦਾ ਸਿਲਸਿਲਾ ਜਾਰੀ ਹੈ। ਨੌਂ ਦਿਨਾਂ ਦੇ ਅੰਦਰ ਤੀਜੀ ਵਾਰ ਤੇਲ ਕੰਪਨੀਆਂ ਨੇ ਬਾਲਣ ਦੇ ਦਾਮ ਵਧਾ ਦਿੱਤੇ ਹਨ, ਜਿਸ ਨਾਲ ਆਮ ਜਨਤਾ, ਟ੍ਰਾਂਸਪੋਰਟ ਕਾਰੋਬਾਰ ਅਤੇ ਉਦਯੋਗ ਜਗਤ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਸ਼ੁੱਕਰਵਾਰ ਨੂੰ ਜਾਰੀ ਨਵੀਆਂ ਦਰਾਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਮੁਤਾਬਕ ਪੈਟਰੋਲ ਦਾ ਰੇਟ 102.16 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 103.01 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।
ਉੱਥੇ ਹੀ ਡੀਜ਼ਲ ਦੀ ਕੀਮਤ 91.93 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 92.83 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ ਤਿੰਨ ਰੁਪਏ ਦਾ ਵੱਡਾ ਵਾਧਾ ਕੀਤਾ ਗਿਆ ਸੀ।
ਇਸ ਤੋਂ ਬਾਅਦ 19 ਮਈ ਨੂੰ 86 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ ਅਤੇ ਹੁਣ 23 ਮਈ ਨੂੰ ਫਿਰ ਤੋਂ ਕਰੀਬ 85 ਪੈਸੇ ਦਾ ਵਾਧਾ ਕਰ ਦਿੱਤਾ ਗਿਆ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਦਾ ਅਸਰ ਆਮ ਲੋਕਾਂ ਦੀ ਜੇਬ 'ਤੇ ਸਾਫ਼ ਦਿਖਾਈ ਦੇਣ ਲੱਗਾ ਹੈ।
ਨਿੱਜੀ ਵਾਹਨ ਚਾਲਕਾਂ ਦੇ ਨਾਲ-ਨਾਲ ਆਟੋ, ਟੈਕਸੀ ਅਤੇ ਟ੍ਰਾਂਸਪੋਰਟ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਲਾਗਤ ਵਧ ਰਹੀ ਹੈ। ਉਦਯੋਗਾਂ ਵਿੱਚ ਮਾਲ ਦੀ ਢੋਆ-ਢੁਆਈ ਦਾ ਖ਼ਰਚਾ ਵਧਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।
ਕੁਬੇਰ ਪੈਟਰੋ ਦੇ ਰਾਜੂ ਸ਼ਰਮਾ ਨੇ ਦੱਸਿਆ ਕਿ ਤੇਲ ਕੰਪਨੀਆਂ ਵੱਲੋਂ ਜਾਰੀ ਨਵੀਆਂ ਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤੀਜੀ ਵਾਰ ਹੋਏ ਵਾਧੇ ਕਾਰਨ ਗਾਹਕਾਂ 'ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਪੈਟਰੋਲ ਪੰਪਾਂ 'ਤੇ ਆਉਣ ਵਾਲੇ ਕਈ ਖਪਤਕਾਰ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ।