'ਖੋਖਲਾ, ਦ੍ਰਿਸ਼ਟੀਹੀਣ ਤੇ ਝੂਠਾ', ਪੰਜਾਬ ਬਜਟ 'ਤੇ ਪਵਨ ਦੀਵਾਨ ਦਾ ਤਿੱਖਾ ਤਨਜ਼; ਔਰਤਾਂ ਨੂੰ ਰੁਪਏ ਦੇਣ ਦੀ ਯੋਜਨਾ ਦੇ ਸਮੇਂ 'ਤੇ ਉਠਾਏ ਸਵਾਲ
AAP ਦੇ "ਬਦਲਾਅ" ਦੇ ਨਾਅਰੇ 'ਤੇ ਤਨਜ਼ ਕੱਸਦਿਆਂ ਦੀਵਾਨ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਬਜਾਏ ਇਸ ਨੂੰ ਕੰਗਾਲ ਪੰਜਾਬ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਮਾੜੇ ਵਿੱਤੀ ਪ੍ਰਬੰਧਨ ਦਾ ਬੋਝ ਅਖੀਰ ਵਿੱਚ ਆਮ ਲੋਕਾਂ 'ਤੇ ਪਵੇਗਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਹੋਏ ਨੁਕਸਾਨ ਦੀ ਭਰਪਾਈ ਵਿੱਚ ਕਈ ਸਾਲ ਲੱਗ ਜਾਣਗੇ।
Publish Date: Sun, 08 Mar 2026 04:37 PM (IST)
Updated Date: Sun, 08 Mar 2026 04:40 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਰਾਜ ਦੇ ਇਤਿਹਾਸ ਦੇ ਸਭ ਤੋਂ ਖਰਾਬ ਬਜਟਾਂ ਵਿੱਚੋਂ ਇੱਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਸਰਕਾਰ ਦੀ ਵਿੱਤੀ ਸੋਚ 'ਤੇ ਭਰੋਸਾ ਗੁਆ ਚੁੱਕੇ ਹਨ ਅਤੇ ਇਹ ਬਜਟ ਉਨ੍ਹਾਂ ਦੀ ਨਿਰਾਸ਼ਾ ਨੂੰ ਹੋਰ ਵਧਾਉਂਦਾ ਹੈ।
ਬਜਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੀਵਾਨ ਨੇ ਇਸ ਨੂੰ ਨਿਰਾਸ਼ਾਜਨਕ, ਨਿਰਉਤਸ਼ਾਹਿਤ ਕਰਨ ਵਾਲਾ ਅਤੇ ਭੁਲੇਖਾ ਪਾਉਣ ਵਾਲਾ ਦੱਸਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਲਈ ਝੂਠ ਦਾ ਇੱਕ ਪੁਲੰਦਾ ਹੈ। ਉਨ੍ਹਾਂ ਰਾਜ 'ਤੇ ਵਧਦੇ ਕਰਜ਼ੇ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਕਿਸੇ ਸਪੱਸ਼ਟ ਵਿਜ਼ਨ (ਨਜ਼ਰੀਏ) ਦੇ ਨੀਤੀਆਂ ਅਪਣਾ ਰਹੀ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਕਮਜ਼ੋਰ ਹੋਈ ਹੈ।
'ਆਪ' ਦੇ "ਬਦਲਾਅ" ਦੇ ਨਾਅਰੇ 'ਤੇ ਤਨਜ਼ ਕੱਸਦਿਆਂ ਦੀਵਾਨ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦੇ ਬਜਾਏ ਇਸ ਨੂੰ ਕੰਗਾਲ ਪੰਜਾਬ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਮਾੜੇ ਵਿੱਤੀ ਪ੍ਰਬੰਧਨ ਦਾ ਬੋਝ ਅਖੀਰ ਵਿੱਚ ਆਮ ਲੋਕਾਂ 'ਤੇ ਪਵੇਗਾ ਅਤੇ ਪੰਜਾਬ ਦੀ ਆਰਥਿਕਤਾ ਨੂੰ ਹੋਏ ਨੁਕਸਾਨ ਦੀ ਭਰਪਾਈ ਵਿੱਚ ਕਈ ਸਾਲ ਲੱਗ ਜਾਣਗੇ।