ਵੀਰਵਾਰ ਨੂੰ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਪ ਲੀਡਰਸ਼ਿਪ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਮੁਤਾਬਕ ਚਲਣ ਦੀ ਗੱਲ ਕਹਿਣ ਵਾਲੀ ਪਾਰਟੀ ਅਤੇ ਆਪ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੇ ਮੁੱਦੇ ’ਤੇ ਭੱਜ ਰਹੀ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿਆਸੀ ਪਾਰਟੀਆਂ ਦੁਆਰਾ ਗੈਂਗਸ਼ਟਰਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ’ਤੇ ਚਿੰਤਾਂ ਪ੍ਰਗਟ ਕੀਤੀ ਹੈ। ਬਾਜਵਾ ਨੇ ਕਿਹਾ ਕਿ ਜਿਸ ਢੰਗ ਨਾਲ ਰਾਜਸੀ ਪਾਰਟੀਆਂ ਗੈਂਗਸ਼ਟਰਾਂ ਦੇ ਪਰਿਵਾਰਾਂ ਨੂੰ ਰਾਜਨੀਤੀ ਵਿਚ ਲਿਆ ਰਹੀਆਂ ਹਨ, ਉਸ ਨਾਲ ਅਗਲੀ ਅਸੈਂਬਲੀ ਵਿਚ ਅੱਧਾ ਦਰਜਨ ਅਜਿਹੇ ਵਿਧਾਇਕ ਬਣਨਗੇ। ਉਨ੍ਹਾਂ ਕਿਹਾ ਕਿ ਅਜਿਹਾ ਰਵੱਈਆ ਬਿਹਾਰ ਵਰਗੇ ਸੂਬੇ ਵਿਚ ਦੇਖਣ ਨੂੰ ਮਿਲਦਾ ਸੀ,ਪਰ ਬਾਹੂਬਲੀ ਸ਼ਬਦ ਪੰਜਾਬ ਵਿਚ ਵੀ ਪ੍ਰਚਲਤ ਹੋਣ ਲੱਗਿਆ ਹੈ। ਉਨ੍ਹਾਂ ਸੂਬੇ ਵਿਚ ਵਿਗ਼ੜੀ ਅਮਨ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ।
ਵੀਰਵਾਰ ਨੂੰ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਆਪ ਲੀਡਰਸ਼ਿਪ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਮੁਤਾਬਕ ਚਲਣ ਦੀ ਗੱਲ ਕਹਿਣ ਵਾਲੀ ਪਾਰਟੀ ਅਤੇ ਆਪ ਸਰਕਾਰ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੇ ਮੁੱਦੇ ’ਤੇ ਭੱਜ ਰਹੀ ਹੈ। ਪਿਛਲੇ ਸਾਲ 27 ਮਾਰਚ 2025 ਅਤੇ ਹੁਣ ਬਸ਼ਟ ਸੈਸ਼ਨ ਵਿਚ ਉਨ੍ਹਾਂ ਭਗਤ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਦੇਣ ਲਈ ਮਤਾ ਲਿਆਂਦਾ ਪਰ ਅਫਸੋਸ ਕਿ ਸਪੀਕਰ ਨੇ ਮਤਾ ਪ੍ਰਵਾਨ ਨਹੀਂ ਕੀਤਾ। ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਸਰਕਾਰ ਦਾ ਮਤਾ ਆਉਣ ’ਤੇ ਆਪਣਾ ਮਤਾ ਵਾਪਸ ਲੈਣ ਦਾ ਭਰੋਸਾ ਵੀ ਦਿੱਤਾ ਸੀ, ਫਿਰ ਸਰਕਾਰ ਨੇ ਕੋਈ ਧਿਆਨ ਨਹੀ ਦਿੱਤਾ।
ਉਨ੍ਹਾਂ ਕਿਹਾ ਕਿ ਆਪ ਆਗੂ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ, ਪਰ ਸਰਕਾਰ ਵਿਚ ਅੱਧਾ ਦਰਜਨ ਤੋਂ ਵੱਧ ਵਿਧਾਇਕ ਵੱਖ-ਵੱਖ ਕੇਸਾਂ ਵਿਚ ਫਸੇ ਹੋਏ ਹਨ। ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗੰਭੀਰ ਕੇਸ ਵਿਚ ਸਜ਼ਾ ਹੋਣ ਦੇ ਬਾਵਜੂਦ ਵੀ ਅਜੇ ਤੱਕ ਵਿਧਾਨਕਾਰ ਦੇ ਅਹੁਦੇ ਤੋਂ ਹਟਾਇਆ ਨਹੀਂ ਗਿਆ। ਇਹ ਸੰਵਿਧਾਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਸਮਝੌਤੇ ਤਹਿਤ ਹਰਿਆਣਾ ਖਿਲਾਫ ਪਾਣੀ ਦੇ ਮੁੱਦੇ ’ਤੇ ਬੋਲਣਾ ਛੱਡਕੇ ਰਾਜਸਥਾਨ ਦੀ ਗੱਲ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਪਹਿਲਾਂ ਹਰਿਆਣਾ ਨੂੰ ਇੱਕ ਤੁਪਕਾ ਵੀ ਪਾਣੀ ਨਾ ਦੇਣ ਦੀ ਗੱਲ ਕਰਦੇ ਸਨ ਹੁਣ ਉਹ ਭਾਈ ਘਨੱਈਆ ਜੀ ਦੀਆਂ ਉਦਾਹਰਨਾਂ ਦੇਣ ਲੱਗ ਪਏ ਹਨ। ਜਿਥੋਂ ਸਪਸ਼ਟ ਹੁੰਦਾ ਹੈ ਕਿ ਮੁੱਖ ਮੰਤਰੀ ਦੀ ਹਰਿਆਣਾ ਸਰਕਾਰ ਤੇ ਭਾਜਪਾ ਨਾਲ ਗੰਢਤੁਪ ਹੋ ਗਈ ਹੈ।
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਡੀਗੜ੍ਹ ਦਾ ਜ਼ਿਕਰ ਕਰਨਾ ਛੱਡ ਦਿੱਤਾ ਹੈ। ਕੇਂਦਰ ਨੇ ਭਾਖੜਾ ਡੈਮ ’ਤੇ ਸੀਆਈਐਸਐਸਐਫ ਤੈਨਾਤ ਕਰ ਦਿੱਤੀ ਹੈ। ਜਦ ਕਿ ਪੰਜਾਬ ਸਰਕਾਰ ਭਾਖੜਾ ਡੈਮ ਉੱਤੇ ਕਿਸੇ ਹੋਰ ਸੁਰੱਖਿਆ ਏਜੰਸੀ ਨੂੰ ਤੈਨਾਤ ਨਾ ਹੋਣ ਦੇਣ ਦਾ ਦਾਅਵਾ ਕਰਦੀ ਰਹੀ ਹੈ।
ਬਾਜਵਾ ਨੇ ਕਿਹਾ ਕਿ ਨਸ਼ੇ ਦੀ ਤਸਕਰੀ, ਨਾਜਾਇਜ਼ ਮਾਈਨਿੰਗ ਨੂੰ ਰੋਕਮ ਵਿਚ ਸਰਕਾਰ ਅਸਫਲ ਰਹੀ ਹੈ। ਸਰਕਾਰ ਨੇ ਬੇਅਦਬੀ ਅਤੇ ਬਰਗਾੜੀ ਦੇ ਮਸਲੇ 'ਤੇ ਵੀ ਕੁਝ ਨਹੀਂ ਕੀਤਾ। ਉਨ੍ਹਾਂ ਵਿਧਾਨ ਸਭਾ ਵਿਚ ਸਲੈਕਟ ਕਮੇਟੀ ਦੀ ਰਿਪੋਰਟ ਪੇਸ਼ ਕਰਨ ਬਾਰੇ ਸਵਾਲ ਕੀਤਾ ਤਾਂ ਇਸ ਉੱਤੇ ਵੀ ਸਰਕਾਰ ਅਤੇ ਸਪੀਕਰ ਕੋਈ ਜਵਾਬ ਨਹੀਂ ਦੇ ਸਕੇ।