ਅੱਜ ਇਥੇ ਅਕਾਲੀ ਦਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਰਾਸ਼ਨ ਖਾਸ ਤੌਰ ’ਤੇ ਪੰਜੀਰੀ ਦੀ ਸਪਲਾਈ ਦਾ ਕੰਮ ਬਲੈਕ ਲਿਸਟ ਕੀਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨਿਗਰਾਨੀ ਕੀਤੀ ਹੈ। ਇਹ ਪੰਜੀਰੀ ਕੇਂਦਰ ਸਰਕਾਰ ਦੇ ਇੰਟੀਗ੍ਰੇਟਡ ਚਾਈਲਡ ਹੈਲਥਕੇਅਰ (ਆਈ ਸੀ ਐਚ) ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਂਗਣਵਾੜੀ ਵਰਕਰਾਂ ਰਾਹੀਂ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਵਾਸਤੇ ਸਪਲਾਈ ਕੀਤੇ ਜਾਣ ਵਾਲੀ ਪੰਜੀਰੀ ਤੇ ਰਾਸ਼ਨ ਦੀ ਖਰੀਦ ਤੇ ਸਪਲਾਈ ਵਿਚ ਹੋਏ 1000 ਤੋਂ 1500 ਕਰੋੜ ਰੁਪਏ ਦੇ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਅੱਜ ਇਥੇ ਅਕਾਲੀ ਦਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਰਾਸ਼ਨ ਖਾਸ ਤੌਰ ’ਤੇ ਪੰਜੀਰੀ ਦੀ ਸਪਲਾਈ ਦਾ ਕੰਮ ਬਲੈਕ ਲਿਸਟ ਕੀਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨਿਗਰਾਨੀ ਕੀਤੀ ਹੈ। ਇਹ ਪੰਜੀਰੀ ਕੇਂਦਰ ਸਰਕਾਰ ਦੇ ਇੰਟੀਗ੍ਰੇਟਡ ਚਾਈਲਡ ਹੈਲਥਕੇਅਰ (ਆਈ ਸੀ ਐਚ) ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ। ਮਜੀਠੀਆ ਨੇ ਦੱਸਿਆ ਕਿ ਸਰਕਾਰ ਨੇ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਨੂੰ ਵੰਡਣ ਲਈ ਪੰਜੀਰੀ ਤਿਆਰ ਕਰਦੇ ਵੇਰਕਾ ਦੇ ਪੰਜ ਪਲਾਂਟ ਬੰਦ ਕਰ ਦਿੱਤੇ। ਉਹਨਾਂ ਕਿਹਾ ਕਿ ਫਿਰ ਇਹ ਖੁਰਾਕ ਦੇ ਪੈਕੇਟ ਦੇਣ ਦੀ ਜ਼ਿੰਮੇਵਾਰੀ ਮਾਰਕਫੈੱਡ ਨੂੰ ਦੇ ਦਿੱਤੀ ਗਈ ਤੇ ਮਾਰਕਫੈੱਡ ਨੇ ਇਸਦੇ ਟੈਂਡਰ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ। ਇਕ ਹੀ ਘੰਟੇ ਵਿਚ ਇਹਨਾਂ ਚਾਰੋਂ ਕੰਪਨੀਆਂ ਨੂੰ ਟੈਂਡਰ ਦਿੱਤੇ ਗਏ ਤੇ ਚਾਰਾਂ ਦਾ ਪਤਾ ਵੀ ਇਕ ਹੀ ਹੈ।
ਮਜੀਠੀਆ ਨੇ ਕਿਹਾ ਕਿ 2022 ਤੋਂ ਇਹੀ ਹਾਲਾਤ ਬਣੇ ਹੋਏ ਹਨ ਅਤੇ ਸਾਲਾਨਾ 500 ਕਰੋੜ ਰੁਪਿਆ ਇਸ ਕੰਮ ’ਤੇ ਖਰਚ ਹੋ ਰਿਹਾ ਹੈ ਤੇ ਇਹਨਾਂ ਕੰਪਨੀਆਂ ਦੇ ਟੈਂਡਰ ਹਰ ਸਾਲ ਨਵਿਆਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਸਾਰਾ ਘੁਟਾਲਾ ਕਰਦਿਆਂ ਮੁੱਖ ਮੰਤਰੀ ਨੇ ਸਾਡੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਖ਼ਤਰੇ ਵਿਚ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਚਾਰ ਕੰਪਨੀਆਂ ਜਿਹਨਾਂ ਵਿਚ ਚੰਡੀਗੜ੍ਹ ਸਵੀਟਸ, ਇੰਟਰਲਿੰਕ ਫੂਡਜ਼, ਪ੍ਰਕਾਸ਼ ਮਸਾਲਾ ਤੇ ਐਮ ਪੀ ਐਗਰੋਟੋਨਿਕਸ ਸ਼ਾਮਲ ਹਨ, ਘਟੀਆ ਮਿਆਰ ਦੇ ਖਾਦ ਪਦਾਰਥ ਤਿਆਰ ਕਰ ਰਹੀਆਂ ਹਨ ਤੇ ਇਹ ਗੱਲ ਇਕ ਸੀਡੀਪੀਓ ਸਮੇਤ ਵਿਭਾਗੀ ਸਟਾਫ ਨੇ ਦੱਸੀ ਹੈ। ਉਹਨਾਂ ਦੱਸਿਆ ਕਿ ਇਸ ਸੀ ਡੀ ਪੀ ਓ ਨੇ ਜਦੋਂ ਧਮਕੀ ਦਿੱਤੀ ਕਿ ਉਹ ਸਾਰੇ ਮਾਮਲੇ ਅਤੇ ਮਿਲਕਫੈਡ ਦੇ ਇੱਕ ਤਤਕਾਲੀ ਚੇਅਰਪਰਸਨ ਨੂੰ ਖੁਲ੍ਹਾਸਾ ਕਰੇਗਾ ਤਾਂ ਉਸਨੂੰ ਮੁਅੱਤਲ ਕਰ ਦਿੱਤਾ ਗਿਆ।
ਮਜੀਠੀਆ ਨੇ ਕਿਹਾ ਕਿ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਇਹਨਾਂ ਬਲੈਕ ਲਿਸਟ ਕੀਤੀਆਂ ਕੰਪਨੀਆਂ ਨੂੰ ਠੇਕਾ ਕਿਉਂ ਦਿੱਤਾ ਜੋ ਘਟੀਆ ਮਿਆਰ ਦੀ ਅਤੇ ਉੱਲੀ ਲੱਗੀ ਪੰਜੀਰੀ ਸਪਲਾਈ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਇਸ ਵਾਸਤੇ ਵੀ ਅਹਿਮੀਅਤ ਰੱਖਦੀ ਹੈ ਕਿਉਂਕਿ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਇਸ ਕਰ ਕੇ ਅਸਤੀਫਾ ਮੰਗਿਆ ਹੈ ਕਿਉਂਕਿ ਉਹ ਇਸੇ ਕੇਂਦਰੀ ਪ੍ਰੋਗਰਾਮ ਤਹਿਤ ਕੁਝ ਪ੍ਰਾਈਵੇਟ ਕੰਪਨੀਆਂ ਜਿਹਨਾਂ ’ਤੇ ਪੰਜਾਬ ਵਿਚ ਸਵਾਲ ਉਠ ਰਹੇ ਹਨ, ਨੂੰ ਠੇਕਾ ਦੇਣ ਕਰ ਕੇ ਘੁਟਾਲੇ ਦੀ ਪ੍ਰਧਾਨਗੀ ਕਰ ਰਹੇ ਹਨ।ਮਜੀਠੀਆ ਨੇ ਕਿਹਾ ਕਿ ਸਿਰਫ ਸੀਬੀਆਈ ਜਾਂਚ ਦੀ ਘੁਟਾਲੇ ਦੀਆਂ ਪਰਤਾਂ ਖੋਲ੍ਹ ਸਕਦੀ ਹੈ।