ਚੰਡੀਗੜ੍ਹ ਯੂਨੀਵਰਸਿਟੀ ਦੇ 2800 ਤੋਂ ਵੱਧ ਵਿਦਿਆਰਥੀਆਂ ਨੇ ਕੌਮੀ ਇੰਜਨੀਅਰਿੰਗ ਦਿਵਸ ਮਨਾਇਆ
ਸੀਯੂ ਦੇ 2800 ਤੋਂ ਵੱਧ ਵਿਦਿਆਰਥੀਆਂ ਨੇ ਕੌਮੀ ਇੰਜਨੀਅਰਿੰਗ ਦਿਵਸ ਮਨਾਇਆ
Publish Date: Mon, 15 Sep 2025 08:03 PM (IST)
Updated Date: Mon, 15 Sep 2025 08:05 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂਆਂ ਕੈਂਪਸ ਵਿਖੇ ਕੌਮੀ ਇੰਜਨੀਅਰਿੰਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ 2800 ਤੋਂ ਵੱਧ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ 30 ਤੋਂ ਵੱਧ ਸਮਾਗਮਾਂ ਵਿਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਭਵਿੱਖ ਦੇ ਇੰਜੀਨੀਅਰਾਂ ਨੂੰ ਨਵੀਨਤਾ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਮੱਸਿਆਵਾਂ ਦਾ ਹੱਲ ਕੱਢਣ ਵਾਲਾ ਬਣਾਉਣਾ ਸੀ। ਸਮਾਗਮ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਵਿਲੱਖਣ ਪ੍ਰਦਰਸ਼ਨ ਕਰਨ ਵਾਲੇ 125 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਸੈਂਟਰ ਫਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ (ਸੀ-ਡੀਏਸੀ) ਦੇ ਡਾਇਰੈਕਟਰ (ਸਿਹਤ ਸੰਭਾਲ ਅਤੇ ਵਿੱਦਿਅਕ ਤਕਨਾਲੋਜੀ) ਸੰਜੇ ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇੰਜੀਨੀਅਰ ਨਾ ਸਿਰਫ਼ ਮਸ਼ੀਨਾਂ ਅਤੇ ਪੁਲ ਬਣਾਉਂਦੇ ਹਨ, ਸਗੋਂ ਉਹ ਸੁਪਨਿਆਂ ਅਤੇ ਸੰਭਾਵਨਾਵਾਂ ਨੂੰ ਹਕੀਕਤ ਵਿਚ ਬਦਲਣ ਦੇ ਤਰੀਕੇ ਵੀ ਸਿਰਜਦੇ ਹਨ। ਉਨ੍ਹਾਂ ਨੇ ਈ-ਸੰਜੀਵਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੰਜਨੀਅਰਿੰਗ ਨਵੀਨਤਾ ਦੀ ਇਕ ਚਮਕਦੀ ਮਿਸਾਲ ਹੈ, ਜਿਸ ਨੇ ਸਿਹਤ ਸੰਭਾਲ ਖੇਤਰ ਦੀਆਂ ਚੁਣੌਤੀਆਂ ਨੂੰ ਹੱਲ ਕੀਤਾ ਹੈ। ਸਨਮਾਨਯੋਗ ਮਹਿਮਾਨ ਵਜੋਂ ਸ਼ਾਮਲ ਹੋਏ ਅਭਿਜੀਤ ਸਿੰਘ ਆਨੰਦ, ਸੰਸਥਾਪਕ ਅਤੇ ਸੀਈਓ, ਜ਼ਿੰਦਗੀ ਟੈਕਨਾਲੋਜੀਜ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਇਕ ਇੰਜੀਨੀਅਰ ਦਾ ਨਜ਼ਰੀਆ ਹਰ ਸਮੱਸਿਆ ਨੂੰ ਹੱਲ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀਆਂ ਸਮੱਸਿਆਵਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਭਾਵੇਂ ਉਹ ਕੈਂਪਸ ਵਿਚ ਪਾਣੀ ਦੀ ਗੁਣਵੱਤਾ ਹੋਵੇ ਜਾਂ ਟ੍ਰੈਫਿਕ ਜਾਮ ਦੀ ਸਮੱਸਿਆ।’ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ ਮੰਨਾ ਨੇ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਾਇਆ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਹਰ ਮਨੁੱਖ ਜਨਮ ਤੋਂ ਹੀ ਇੰਜੀਨੀਅਰ ਹੁੰਦਾ ਹੈ, ਕਿਉਂਕਿ ਹਰ ਕੰਮ ਲਈ ਬੁੱਧੀ ਦੀ ਵਰਤੋਂ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਸਫ਼ਲਤਾਵਾਂ ਤੋਂ ਨਾ ਡਰਨ ਅਤੇ ਦ੍ਰਿੜ ਇਰਾਦੇ ਨਾਲ ਸਫ਼ਲਤਾ ਪ੍ਰਾਪਤ ਕਰਨ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਹਫ਼ਤੇ ਭਰ ਚੱਲਣ ਵਾਲੇ ਇਸ ਸਮਾਗਮ ਵਿਚ ਕੁੱਲ 20 ਤੋਂ ਵੱਧ ਇੰਜੀਨੀਅਰਿੰਗ ਵਿਭਾਗਾਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਤਕਨੀਕੀ ਮੁਕਾਬਲਿਆਂ ਜਿਵੇਂ ਕਿ ‘ਥਿੰਕ ਪੇਅਰ ਐਂਡ ਸ਼ੇਅਰ’, ‘ਐਲਗੋਥਨ 2025’, ‘ਆਈਡੀਆਥਨ 2025’, ‘ਕੋਡ: ਕੰਪੀਟ: ਕੌਂਕਰ’ ਅਤੇ ਹੋਰ ਕਈ ਪ੍ਰੋਗਰਾਮਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ‘ਗਲਾਈਡਰ ਮੇਕਿੰਗ’, ‘ਮਾਡਲ ਮੇਕਿੰਗ’, ‘ਇੰਜੀਨੀਅਰਜ਼ ਗੌਟ ਟੈਲੇਂਟ’ ਅਤੇ ਕਈ ਸੱਭਿਆਚਾਰਕ ਸਮਾਗਮ ਵੀ ਕਰਵਾਏ ਗਏ।