- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
DGP Punjab ਨੇ ਇਹ ਵੀ ਕਿਹਾ ਕਿ ਵਾਇਰਲੈੱਸ ਨੈੱਟਵਰਕ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਹਰ ਥਾਣੇ ਦਾ ਡਿਊਟੀ ਅਫ਼ਸਰ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ 'ਚ ਰਹੇ। ਸਾਰੇ ਫੀਲਡ ਸਟਾਫ ਨੂੰ ਵਾਕੀ-ਟਾਕੀ ਐਕਟਿਵ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਪੁਲਿਸ ਨੇ ਅਪਰਾਧ ਅਤੇ ਨਸ਼ਿਆਂ ਖ਼ਿਲਾਫ਼ ਇਕ ਵਾਰ ਫਿਰ ਵੱਡੇ ਪੱਧਰ 'ਤੇ ਕਾਰਵਾਈ ਦੀ ਤਿਆਰੀ ਕਰ ਲਈ ਹੈ। ‘ਆਪ੍ਰੇਸ਼ਨ ਪ੍ਰਹਾਰ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਲਗਾਤਾਰ 72 ਘੰਟਿਆਂ ਤਕ ਚੱਲੇਗਾ, ਜਿਸ ਵਿਚ ਸੂਬੇ ਭਰ 'ਚ ਸਰਗਰਮ ਗੈਂਗਸਟਰਾਂ, ਡਰੱਗ ਸਪਲਾਇਰਾਂ, ਹਵਾਲਾ ਆਪਰੇਟਰਾਂ ਤੇ ਲੋੜੀਂਦੇ (Wanted) ਅਪਰਾਧੀਆਂ ਨੂੰ ਨਿਸ਼ਾਨੇ 'ਤੇ ਲਿਆ ਜਾਵੇਗਾ। ਡੀਜੀਪੀ ਗੌਰਵ ਯਾਦਵ ਨੇ ਸਾਫ਼ ਕਿਹਾ ਕਿ ਪੰਜਾਬ 'ਚ ਅਪਰਾਧ ਲਈ ਹੁਣ 'ਜ਼ੀਰੋ ਟੋਲਰੈਂਸ' ਨੀਤੀ ਅਪਣਾਈ ਗਈ ਹੈ ਤੇ ਕਿਸੇ ਵੀ ਅਪਰਾਧੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਡੀਜੀਪੀ ਨੇ ਦੱਸਿਆ ਕਿ ਹੁਣ ਤਕ ਪੰਜਾਬ 'ਚ ਕਰੀਬ 75 ਹਜ਼ਾਰ ਹੈਰੋਇਨ ਡਿਲੀਵਰੀ ਨੈੱਟਵਰਕ ਦਾ ਖੁਲਾਸਾ ਕੀਤਾ ਜਾ ਚੁੱਕਾ ਹੈ ਅਤੇ ਲਗਪਗ 150 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ 'ਚ ਕਰੀਬ 45 ਹਜ਼ਾਰ ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਹਜ਼ਾਰ ਵੱਡੇ ਸਪਲਾਇਰਾਂ ਤੇ ਹਵਾਲਾ ਆਪਰੇਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਦਿਖਾਉਂਦੀ ਹੈ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਤੇ ਨਸ਼ਾ ਤਸਕਰੀ ਵਿਰੁੱਧ ਕਿੰਨੀ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਪ੍ਰਹਾਰ-2 ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਵਾਰ ਸੀਨੀਅਰ ਅਧਿਕਾਰੀ ਖ਼ੁਦ ਫੀਲਡ 'ਚ ਉਤਰਨਗੇ। ਐਸਐਸਪੀ, ਡੀਆਈਜੀ ਤੇ ਪੁਲਿਸ ਕਮਿਸ਼ਨਰ ਆਪੋ-ਆਪਣੇ ਜ਼ਿਲ੍ਹਿਆਂ 'ਚ ਨਾ ਸਿਰਫ਼ ਨਿਗਰਾਨੀ ਕਰਨਗੇ, ਸਗੋਂ ਖ਼ੁਦ ਪੈਟਰੋਲਿੰਗ ਕਰਨਗੇ, ਥਾਣਿਆਂ ਦੀ ਚੈਕਿੰਗ ਕਰਨਗੇ ਤੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਨਗੇ। ਗ਼ੈਰ-ਜ਼ਰੂਰੀ ਡਿਊਟੀ ਤੋਂ ਪੁਲਿਸ ਬਲ ਨੂੰ ਹਟਾ ਕੇ ਕੋਰ ਡਿਊਟੀ ਯਾਨੀ ਫੀਲਡ ਪੈਟਰੋਲਿੰਗ ਅਤੇ ਨਾਕਾਬੰਦੀ ਵਿੱਚ ਲਗਾਇਆ ਜਾਵੇਗਾ।
ਆਪ੍ਰੇਸ਼ਨ ਦੌਰਾਨ ਹਰ ਜ਼ਿਲ੍ਹੇ 'ਚ ਪੂਰੀ ਤਰ੍ਹਾਂ ਲੈਸ (Fully Equipped) ਨਾਕੇ ਲਗਾਏ ਜਾਣਗੇ ਅਤੇ ਖ਼ਾਸ ਤੌਰ 'ਤੇ ਦੋ ਪਹੀਆ ਵਾਹਨਾਂ ਦੀ ਸਖ਼ਤ ਜਾਂਚ ਕੀਤੀ ਜਾਵੇਗੀ। ਕਿਸੇ ਵੀ ਅਪਰਾਧਿਕ ਘਟਨਾ ਦੀ ਸੂਚਨਾ ਮਿਲਣ 'ਤੇ ਤੁਰੰਤ ਉਸ ਇਲਾਕੇ ਨੂੰ ਸੀਲ ਕਰ ਕੇ ਅਪਰਾਧੀਆਂ ਦਾ ਪਿੱਛਾ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਪੁਲਿਸ ਨੇ ਇਕ ਵਿਸਤ੍ਰਿਤ SOP (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਵੀ ਜਾਰੀ ਕੀਤੀ ਹੈ, ਜਿਸ ਵਿਚ ਇਹ ਤੈਅ ਕੀਤਾ ਗਿਆ ਹੈ ਕਿ ਕਿਸੇ ਵੀ ਘਟਨਾ 'ਤੇ ਰਿਸਪਾਂਸ ਕਿਵੇਂ ਹੋਵੇਗਾ ਅਤੇ ਕਿਸ ਪੱਧਰ 'ਤੇ ਕਿਹੜਾ ਅਧਿਕਾਰੀ ਜ਼ਿੰਮੇਵਾਰ ਰਹੇਗਾ।
ਡੀਜੀਪੀ ਨੇ ਇਹ ਵੀ ਕਿਹਾ ਕਿ ਵਾਇਰਲੈੱਸ ਨੈੱਟਵਰਕ ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਹਰ ਥਾਣੇ ਦਾ ਡਿਊਟੀ ਅਫ਼ਸਰ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ 'ਚ ਰਹੇ। ਸਾਰੇ ਫੀਲਡ ਸਟਾਫ ਨੂੰ ਵਾਕੀ-ਟਾਕੀ ਐਕਟਿਵ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪੁਲਿਸ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਗ੍ਰਿਫ਼ਤਾਰ ਕਰੇਗੀ ਜੋ ਅਪਰਾਧ ਵਿੱਚ ਸ਼ਾਮਲ ਹਨ। ਪੁਲਿਸ ਦਾ ਮਕਸਦ ਆਮ ਜਨਤਾ ਨੂੰ ਡਰਾਉਣਾ ਨਹੀਂ ਬਲਕਿ ਸੁਰੱਖਿਆ ਦਾ ਭਰੋਸਾ ਦੇਣਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਨੂੰ ਕ੍ਰਾਈਮ ਅਤੇ ਗੈਂਗ ਕਲਚਰ ਤੋਂ ਮੁਕਤ ਕਰਨਾ ਉਨ੍ਹਾਂ ਦਾ ਟੀਚਾ ਹੈ।