ਮਾਹਿਰਾਂ ਦਾ ਮੰਨਣਾ ਹੈ ਕਿ ਖੇਤੀਬਾੜੀ 'ਤੇ ਬਹੁਤ ਜ਼ਿਆਦਾ ਨਿਰਭਰਤਾ, ਉਦਯੋਗਿਕ ਵਿਕਾਸ ਦੀ ਹੌਲੀ ਰਫ਼ਤਾਰ ਅਤੇ ਹੁਨਰ (Skill) ਅਧਾਰਤ ਨੌਕਰੀਆਂ ਦੀ ਘਾਟ ਇਸ ਦੇ ਮੁੱਖ ਕਾਰਨ ਹਨ।

ਰੋਹਿਤ ਕੁਮਾਰ, ਚੰਡੀਗੜ੍ਹ: ਪੀਰੀਓਡਿਕ ਲੇਬਰ ਫੋਰਸ ਸਰਵੇ (PLFS) 2025 (ਜਨਵਰੀ-ਦਸੰਬਰ) ਦੇ ਤਾਜ਼ਾ ਅੰਕੜਿਆਂ ਨੇ ਪੰਜਾਬ ਵਿੱਚ ਰੁਜ਼ਗਾਰ ਦੀ ਸਥਿਤੀ ਨੂੰ ਲੈ ਕੇ ਇੱਕ ਗੰਭੀਰ ਤਸਵੀਰ ਪੇਸ਼ ਕੀਤੀ ਹੈ। ਸਰਵੇਖਣ ਅਨੁਸਾਰ, ਰਾਜ ਵਿੱਚ 15 ਤੋਂ 29 ਸਾਲ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 19.3 ਫ਼ੀਸਦੀ ਦਰਜ ਕੀਤੀ ਗਈ ਹੈ, ਜੋ ਕਿ ਰਾਸ਼ਟਰੀ ਔਸਤ (9.9 ਫ਼ੀਸਦੀ) ਨਾਲੋਂ ਲਗਭਗ ਦੁੱਗਣੀ ਹੈ।
ਇਹ ਅੰਕੜਾ ਸੰਕੇਤ ਦਿੰਦਾ ਹੈ ਕਿ ਰਾਜ ਵਿੱਚ ਖ਼ਾਸ ਕਰਕੇ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਾਫ਼ੀ ਮੌਕੇ ਨਹੀਂ ਹਨ। ਪੰਜਾਬ ਦੇ ਸੰਦਰਭ ਵਿੱਚ ਸਭ ਤੋਂ ਚਿੰਤਾਜਨਕ ਪਹਿਲੂ ਪੇਂਡੂ ਖੇਤਰਾਂ ਦੀ ਸਥਿਤੀ ਹੈ, ਜਿੱਥੇ ਨੌਜਵਾਨ ਬੇਰੁਜ਼ਗਾਰੀ ਦਰ 22.5 ਫ਼ੀਸਦੀ ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਪਿੰਡਾਂ ਵਿੱਚ ਰਹਿਣ ਵਾਲਾ ਹਰ ਪੰਜਵਾਂ ਨੌਜਵਾਨ ਰੁਜ਼ਗਾਰ ਤੋਂ ਵਾਂਝਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਖੇਤੀਬਾੜੀ 'ਤੇ ਬਹੁਤ ਜ਼ਿਆਦਾ ਨਿਰਭਰਤਾ, ਉਦਯੋਗਿਕ ਵਿਕਾਸ ਦੀ ਹੌਲੀ ਰਫ਼ਤਾਰ ਅਤੇ ਹੁਨਰ (Skill) ਅਧਾਰਤ ਨੌਕਰੀਆਂ ਦੀ ਘਾਟ ਇਸ ਦੇ ਮੁੱਖ ਕਾਰਨ ਹਨ।
ਯੋਗਤਾ ਅਨੁਸਾਰ ਨੌਕਰੀਆਂ ਦੀ ਘਾਟ
ਪੜ੍ਹੇ-ਲਿਖੇ ਨੌਜਵਾਨਾਂ 'ਤੇ ਇਸ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਉੱਚੀਆਂ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਨੌਕਰੀਆਂ ਨਹੀਂ ਮਿਲ ਰਹੀਆਂ। ਇਸ ਕਾਰਨ ਨਾ ਸਿਰਫ਼ ਆਰਥਿਕ ਦਬਾਅ ਵਧ ਰਿਹਾ ਹੈ, ਸਗੋਂ ਨੌਜਵਾਨਾਂ ਵਿੱਚ ਨਿਰਾਸ਼ਾ ਅਤੇ ਪਰਵਾਸ (ਪਲਾਇਨ) ਦੀ ਪ੍ਰਵਿਰਤੀ ਵੀ ਵਧ ਰਹੀ ਹੈ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਇਸੇ ਸਥਿਤੀ ਦਾ ਸਿੱਟਾ ਮੰਨਿਆ ਜਾ ਰਿਹਾ ਹੈ।
ਗੁਆਂਢੀ ਸੂਬਿਆਂ ਨਾਲ ਤੁਲਨਾ
ਜੇਕਰ ਤੁਲਨਾਤਮਕ ਤੌਰ 'ਤੇ ਦੇਖਿਆ ਜਾਵੇ ਤਾਂ:
ਹਰਿਆਣਾ: ਨੌਜਵਾਨ ਬੇਰੁਜ਼ਗਾਰੀ ਦਰ 11.8 ਫ਼ੀਸਦੀ ਹੈ, ਜੋ ਪੰਜਾਬ ਤੋਂ ਘੱਟ ਹੈ ਪਰ ਫਿਰ ਵੀ ਰਾਸ਼ਟਰੀ ਔਸਤ ਤੋਂ ਵੱਧ ਬਣੀ ਹੋਈ ਹੈ।
ਹਿਮਾਚਲ ਪ੍ਰਦੇਸ਼: ਇੱਥੇ ਇਹ ਦਰ 29.9 ਫ਼ੀਸਦੀ ਤੱਕ ਪਹੁੰਚ ਗਈ ਹੈ, ਜੋ ਖੇਤਰ ਵਿੱਚ ਰੁਜ਼ਗਾਰ ਸੰਕਟ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।
ਰੁਜ਼ਗਾਰ ਸੰਕਟ ਨੌਜਵਾਨਾਂ ਵਿੱਚ ਕੇਂਦਰਿਤ
ਦੇਸ਼ ਭਰ ਦੀ ਗੱਲ ਕਰੀਏ ਤਾਂ 15-29 ਸਾਲ ਦੇ ਨੌਜਵਾਨਾਂ ਲਈ ਕੁੱਲ ਬੇਰੁਜ਼ਗਾਰੀ ਦਰ 9.9 ਫ਼ੀਸਦੀ ਦਰਜ ਕੀਤੀ ਗਈ ਹੈ, ਜਦਕਿ ਸਮੁੱਚੀ ਬੇਰੁਜ਼ਗਾਰੀ ਦਰ 3.1 ਫ਼ੀਸਦੀ ਰਹੀ। ਇਹ ਅੰਤਰ ਸਪੱਸ਼ਟ ਕਰਦਾ ਹੈ ਕਿ ਰੁਜ਼ਗਾਰ ਦਾ ਸੰਕਟ ਸਭ ਤੋਂ ਵੱਧ ਨੌਜਵਾਨਾਂ ਵਿੱਚ ਹੀ ਕੇਂਦਰਿਤ ਹੈ।
ਮਾਹਿਰਾਂ ਦੇ ਸੁਝਾਅ:
ਮਾਹਿਰਾਂ ਅਨੁਸਾਰ ਪੰਜਾਬ ਨੂੰ ਇਸ ਚੁਣੌਤੀ ਨਾਲ ਨਜਿੱਠਣ ਲਈ ਉਦਯੋਗਿਕ ਨਿਵੇਸ਼ ਵਧਾਉਣ, ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਆਰਥਿਕਤਾ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ। ਇਸ ਦੇ ਨਾਲ ਹੀ ਸਟਾਰਟਅੱਪ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਵੀ ਅਹਿਮ ਹੋਵੇਗਾ ਤਾਂ ਜੋ ਨੌਜਵਾਨਾਂ ਨੂੰ ਸਥਾਨਕ ਪੱਧਰ 'ਤੇ ਹੀ ਰੁਜ਼ਗਾਰ ਮਿਲ ਸਕੇ।