ਸੇਵਾਮੁਕਤ ਮੁਲਾਜ਼ਮ ਯੂਨੀਅਨ ਦੇ ਓਮ ਪ੍ਰਕਾਸ਼ ਸੂਬਾ ਪ੍ਰਧਾਨ ਨਿਯੁਕਤ
ਰਿਟਾਇਰੀ ਮੁਲਾਜ਼ਮ ਯੂਨੀਅਨ ਦੇ ਓਮ ਪ੍ਰਕਾਸ਼ ਸੂਬਾ ਪ੍ਰਧਾਨ ਨਿਯੁਕਤ
Publish Date: Mon, 20 Apr 2026 09:57 PM (IST)
Updated Date: Mon, 20 Apr 2026 10:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਰੜ : ਪੰਜਾਬ ਜਲ ਸਰੋਤ ਨਿਗਮ ਰਿਟਾਇਰਡ ਮੁਲਾਜ਼ਮ ਯੂਨੀਅਨ ਦਾ ਪੰਜਵਾਂ ਸੂਬਾਈ ਇਜਲਾਸ ਬੀਤੇ ਦਿਨੀਂ ਸੈਣੀ ਭਵਨ ਖਰੜ ਵਿਖੇ ਹੋਇਆ। ਇਸ ਮੌਕੇ ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਮੁਹਾਲੀ, ਲੁਧਿਆਣਾ, ਮਲੇਰਕੋਟਲਾ, ਮਾਨਸਾ, ਬਠਿੰਡਾ ਅਤੇ ਫਾਜ਼ਿਲਕਾ ਤੋਂ ਡੈਲੀਗੇਟ ਪਹੁੰਚੇ। ਇਜਲਾਸ ਵਿਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਹਮਲੇ, ਮਾਸੂਮ ਨਾਗਰਿਕਾਂ ਦੇ ਕਤਲ ਅਤੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਦੇ ਅਪਹਰਣ ਦੀ ਸਖ਼ਤ ਨਿਖੇਧੀ ਕੀਤੀ ਗਈ। ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਕਾਰਵਾਈਆਂ ਦੀ ਨਿਖੇਧੀ ਨਾ ਕਰਨ ਅਤੇ ਟਰੰਪ ਦੇ ਦਬਾਅ ਹੇਠ ਆਉਣ ਦੀ ਵੀ ਆਲੋਚਨਾ ਕੀਤੀ ਗਈ। ਯੂਨੀਅਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪਿਛਲੇ 11 ਸਾਲਾਂ ਵਿਚ ਪਬਲਿਕ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ, ਚਾਰ ਲੇਬਰ ਕੋਡ ਥੋਪਣ, ਘੱਟ ਗਿਣਤੀਆਂ ਵਿਰੁੱਧ ਨਫ਼ਰਤ ਫ਼ੈਲਾਉਣ ਅਤੇ ਮਹਿੰਗਾਈ-ਬੇਰੁਜ਼ਗਾਰੀ ਨਾ ਰੋਕਣ ਦੀ ਵੀ ਨਿਖੇਧੀ ਕੀਤੀ। ਜਲ ਸਰੋਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਹਾਈ ਕੋਰਟ ਅਤੇ ਕਿਰਤ ਕਮਿਸ਼ਨਰਾਂ ਦੇ ਗਰੈਚੁਟੀ ਸਬੰਧੀ ਹੁਕਮਾਂ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸੇਵਾਮੁਕਤਾਂ ਦੇ ਬਣਦੇ ਹੱਕ ਅਤੇ ਅਦਾਲਤੀ ਫ਼ੈਸਲੇ ਲਾਗੂ ਨਾ ਕੀਤੇ ਗਏ ਤਾਂ ਮੁੱਖ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਗਲੇ ਦੋ ਸਾਲਾਂ ਲਈ ਓਮ ਪ੍ਰਕਾਸ਼ ਨੂੰ ਸੂਬਾ ਪ੍ਰਧਾਨ, ਸੋਹਨ ਸਿੰਘ ਭੂੰਨੋ ਨੂੰ ਜਨਰਲ ਸਕੱਤਰ, ਅਵਤਾਰ ਸਿੰਘ ਨੂੰ ਵਿੱਤ ਸਕੱਤਰ ਅਤੇ 15 ਮੈਂਬਰੀ ਸੂਬਾ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ।