- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਕੇਤ ਦਿੱਤੇ ਸਨ ਕਿ ਸੂਬੇ 'ਚ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਕੇਂਦਰੀ ਲੀਡਰਸ਼ਿਪ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਜਲਦੀ ਹੀ ਕੇਂਦਰੀ ਆਗੂਆਂ ਤੇ ਰਾਸ਼ਟਰੀ ਅਹੁਦੇਦਾਰਾਂ ਦੇ ਪੰਜਾਬ ਦੌਰੇ ਸ਼ੁਰੂ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਨਿਤਿਨ ਨਬੀਨ ਦਾ ਪ੍ਰਸਤਾਵਿਤ ਦੌਰਾ ਇਸੇ ਰਣਨੀਤੀ ਦਾ ਹਿੱਸਾ ਹੈ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ 'ਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਹੁਣੇ ਤੋਂ ਹੀ ਜਥੇਬੰਦਕ ਸਰਗਰਮੀਆਂ ਤੇਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 19 ਤੋਂ 22 ਜੂਨ ਦਰਮਿਆਨ ਪੰਜਾਬ ਦੌਰੇ 'ਤੇ ਆ ਰਹੇ ਹਨ। ਇਹ ਦੌਰਾ ਦੋ ਰੋਜ਼ਾ ਹੋਵੇਗਾ, ਹਾਲਾਂਕਿ ਇਸ ਦਾ ਸ਼ੈਡਿਊਲ ਫਾਈਨਲ ਨਹੀਂ ਹੋਇਆ ਹੈ। ਨਿਤਿਨ ਨਬੀਨ ਦਾ ਪ੍ਰਧਾਨ ਬਣਨ ਤੋਂ ਬਾਅਦ ਇਹ ਪੰਜਾਬ ਦਾ ਪਹਿਲਾ ਦੌਰਾ ਹੋਵੇਗਾ, ਜਿਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਪਾਰਟੀ ਸੂਤਰਾਂ ਅਨੁਸਾਰ ਨਿਤਿਨ ਨਬੀਨ ਆਪਣੇ ਦੌਰੇ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕਰਨਗੇ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਲੈਣਗੇ। ਇਸ ਤੋਂ ਬਾਅਦ ਉਨ੍ਹਾਂ ਦੇ ਦੁਰਗਿਆਣਾ ਮੰਦਰ ਅਤੇ ਜਲ੍ਹਿਆਂਵਾਲਾ ਬਾਗ ਜਾਣ ਦਾ ਪ੍ਰੋਗਰਾਮ ਵੀ ਪ੍ਰਸਤਾਵਿਤ ਹੈ, ਜਿੱਥੇ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਸਕਦੇ ਹਨ।
ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰ ਕੇ ਸੰਗਠਨ ਦੀ ਜ਼ਮੀਨੀ ਸਥਿਤੀ ਦਾ ਫੀਡਬੈਕ ਲੈਣਗੇ। ਦੱਸਿਆ ਜਾ ਰਿਹਾ ਹੈ ਕਿ ਤਿੰਨ ਰੋਜ਼ਾ ਦੌਰੇ ਦੌਰਾਨ ਉਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈ ਸਕਦੇ ਹਨ। ਨਿਤਿਨ ਨਵੀਨ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ, ਕੋਰ ਗਰੁੱਪ ਦੇ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੱਖ-ਵੱਖ ਦੌਰ ਦੀਆਂ ਰਣਨੀਤਕ ਮੀਟਿੰਗਾਂ ਕਰਨਗੇ।
ਇਨ੍ਹਾਂ ਮੀਟਿੰਗਾਂ ਵਿੱਚ ਸੰਗਠਨ ਦੇ ਵਿਸਥਾਰ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਪਾਰਟੀ ਦੇ ਜਨਾਧਾਰ ਨੂੰ ਮਜ਼ਬੂਤ ਕਰਨ ਲਈ ਸਥਾਨਕ ਵਪਾਰੀਆਂ, ਕਿਸਾਨਾਂ ਅਤੇ ਬੁੱਧੀਜੀਵੀ ਵਰਗ ਦੇ ਨੁਮਾਇੰਦਿਆਂ ਨਾਲ ਸੰਵਾਦ ਦਾ ਪ੍ਰੋਗਰਾਮ ਵੀ ਰੱਖਿਆ ਜਾ ਸਕਦਾ ਹੈ। ਧਿਆਨ ਰਹੇ ਕਿ ਹਾਲ ਹੀ ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕੀਤੀ ਸੀ।
ਮੁਲਾਕਾਤ ਤੋਂ ਬਾਅਦ ਢਿੱਲੋਂ ਨੇ ਸੰਕੇਤ ਦਿੱਤੇ ਸਨ ਕਿ ਪੰਜਾਬ ਵਿੱਚ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਕੇਂਦਰੀ ਲੀਡਰਸ਼ਿਪ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਜਲਦੀ ਹੀ ਕੇਂਦਰੀ ਆਗੂਆਂ ਤੇ ਰਾਸ਼ਟਰੀ ਅਹੁਦੇਦਾਰਾਂ ਦੇ ਪੰਜਾਬ ਦੌਰੇ ਸ਼ੁਰੂ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਨਿਤਿਨ ਨਬੀਨਦਾ ਪ੍ਰਸਤਾਵਿਤ ਦੌਰਾ ਇਸੇ ਰਣਨੀਤੀ ਦਾ ਹਿੱਸਾ ਹੈ। ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਦਾ ਪੰਜਾਬ ਦੌਰਾ ਫਿਲਹਾਲ ਪ੍ਰਸਤਾਵਿਤ ਹੈ ਅਤੇ ਅਜੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਪੂਰਾ ਸ਼ੈਡਿਊਲ ਤੈਅ ਹੋ ਜਾਵੇਗਾ, ਉਸਦੀ ਅਧਿਕਾਰਤ ਜਾਣਕਾਰੀ ਮੀਡੀਆ ਨਾਲ ਸਾਂਝੀ ਕਰ ਦਿੱਤੀ ਜਾਵੇਗੀ।