ਸੈਕਟਰ-9 ’ਚ ਬਰਫ਼ ਦੇ ਗੋਲਿਆਂ ’ਚ ਸ਼ਰਾਬ ਮਿਲਾ ਕੇ ਪਰੋਸਣ ਦੇ ਮਾਮਲੇ ’ਚ ਇਕ ਗ੍ਰਿਫ਼ਤਾਰ
ਸੈਕਟਰ-9 ‘ਚ ਬਰਫ਼ ਦੇ ਗੋਲਿਆਂ ਵਿਚ ਸ਼ਰਾਬ ਮਿਲਾ ਕੇ ਪਰੋਸਣ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ
Publish Date: Mon, 25 May 2026 08:22 PM (IST)
Updated Date: Mon, 25 May 2026 08:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-9 ਸਥਿਤ ਲਿਕਰ ਵਰਲਡ ਸ਼ਰਾਬ ਠੇਕੇ ਦੇ ਬਾਹਰ ਬਰਫ਼ ਦੇ ਗੋਲਿਆਂ ਵਿੱਚ ਸ਼ਰਾਬ ਮਿਲਾ ਕੇ ਲੋਕਾਂ ਨੂੰ ਪਰੋਸਣ ਦੇ ਮਾਮਲੇ ਵਿਚ ਪ੍ਰਸ਼ਾਸਨ ਸਖਤ ਹੋ ਗਿਆ ਹੈ। ਇੰਟਰਨੈੱਟ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੈਕਟਰ-3 ਥਾਣਾ ਪੁਲਿਸ ਨੇ ਪੰਜਾਬ ਐਕਸਾਈਜ਼ ਐਕਟ 1914 ਅਤੇ ਭਾਰਤੀ ਨਿਆਇ ਸੰਹਿਤਾ ਦੀ ਧਾਰਾ 61(2) ਹੇਠ ਕੇਸ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਧਰ ਐਕਸਾਈਜ਼ ਵਿਭਾਗ ਨੇ ਠੇਕੇਦਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਪੰਚਕੂਲਾ ਦੇ ਪਿੰਡ ਸਕੇਤੜੀ ਵਾਸੀ 53 ਸਾਲਾ ਰਾਜੇਸ਼ ਸਚਦੇਵਾ ਵਜੋਂ ਹੋਈ ਹੈ। ਮਾਮਲੇ ਵਿੱਚ ਸ਼ਰਾਬ ਕੰਪਨੀ ਡਿਆਜਿਓ, ਲਿਕਰ ਵਰਲਡ ਵਾਈਨ ਸ਼ਾਪ ਦੇ ਸੰਚਾਲਕਾਂ ਅਤੇ ਹੋਰ ਸਬੰਧਿਤ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ‘ਦੈਨਿਕ ਜਾਗਰਣ’ ਨੇ ਸੋਮਵਾਰ ਦੇ ਅੰਕ ਵਿੱਚ ਇਸ ਮਸਲੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ। ਪੁਲਿਸ ਅਨੁਸਾਰ 23 ਮਈ ਦੀ ਸ਼ਾਮ ਕਰੀਬ ਸਾਢੇ ਪੰਜ ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੈਕਟਰ-9 ਦੀ ਅੰਦਰੂਨੀ ਮਾਰਕੀਟ ਵਿੱਚ ਪੰਜਾਬ ਸਟੋਰ ਨੇੜੇ ਇਕ ਸਟਾਲ ਲਾ ਕੇ ਲੋਕਾਂ ਨੂੰ ਕੁਝ ਪਰੋਸਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਸੈਕਟਰ-3 ਥਾਣੇ ਵਿੱਚ ਤੈਨਾਤ ਕਾਂਸਟੇਬਲ ਹਰੀਸ਼ ਕੁਮਾਰ ਮੌਕੇ ’ਤੇ ਪਹੁੰਚੇ। ਪੁਲਿਸ ਨੇ ਵੇਖਿਆ ਕਿ ਲਿਕਰ ਵਰਲਡ ਨਾਮਕ ਵਾਈਨ ਸ਼ਾਪ ਦੇ ਸਾਹਮਣੇ ਜਨਤਕ ਥਾਂ ’ਤੇ ਸਟਾਲ ਲਗਾ ਕੇ ਆਈਸ ਰੋਲ ਤਿਆਰ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਵਿੱਚ ਕਿਸੇ ਤਰਲ ਪਦਾਰਥ ਨੂੰ ਮਿਲਾ ਕੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਵਿਅਕਤੀ ਨੇ ਆਪਣੀ ਪਛਾਣ ਰਾਜੇਸ਼ ਸਚਦੇਵਾ ਵਜੋਂ ਦੱਸੀ। ਉਸ ਨੇ ਪੁਲਿਸ ਨੂੰ ਕਿਹਾ ਕਿ ਆਈਸ ਰੋਲ ਵਿੱਚ ਮੋਨਿਨ ਫਲੇਵਰਡ ਸਪਾਈਸਡ ਜਾਮੁਨ ਸਿਰਪ ਮਿਲਾ ਕੇ ਸਿਰਫ਼ ਪ੍ਰਚਾਰ ਲਈ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਉਸ ਨੇ ਪੁਲਿਸ ਨੂੰ ਖਾਲੀ ਬੋਤਲਾਂ ਵੀ ਦਿਖਾਈਆਂ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੋਨਿਨ ਫਲੇਵਰਡ ਸਪਾਈਸਡ ਜਾਮੁਨ ਵਿੱਚ ਅਲਕੋਹਲ ਨਹੀਂ ਹੁੰਦੀ। ਪਰ ਅਗਲੇ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਬਦਲ ਗਿਆ। ਵੀਡੀਓ ਵਿੱਚ ਕਥਿਤ ਤੌਰ ’ਤੇ ਦਿਖਾਇਆ ਗਿਆ ਕਿ ਆਈਸ ਰੋਲ ਵਿੱਚ ਸਮਿਰਨਾਫ ਮਿੰਟੀ ਜਾਮੁਨ ਫਲੇਵਰਡ ਵੋਡਕਾ ਮਿਲਾਈ ਜਾ ਰਹੀ ਸੀ ਅਤੇ ਉਸ ਨੂੰ ਖੁੱਲ੍ਹੇਆਮ ਲੋਕਾਂ ਨੂੰ ਪਰੋਸਿਆ ਜਾ ਰਿਹਾ ਸੀ। ਪੁਲਿਸ ਮੁਤਾਬਿਕ ਬਿਨਾਂ ਵੈਧ ਪਰਮਿਟ ਜਾਂ ਲਾਇਸੈਂਸ ਦੇ ਜਨਤਕ ਥਾਂ ’ਤੇ ਸ਼ਰਾਬ ਪਰੋਸਣਾ ਕਾਨੂੰਨੀ ਅਪਰਾਧ ਹੈ। ਵਾਇਰਲ ਵੀਡੀਓ ਅਤੇ ਮੌਕੇ ਦੀ ਜਾਂਚ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਹੈ।