ਪ੍ਰਸ਼ਾਸਕ ਦੀ ਅਗਵਾਈ ਹੇਠ ਮਲੋਆ ’ਚ ਤੀਜਾ ਸਮਾਧਾਨ ਕੈਂਪ, 84 ਸ਼ਿਕਾਇਤਾਂ ਤੇ ਅਰਜ਼ੀਆਂ ਪ੍ਰਾਪਤ
ਪ੍ਰਸ਼ਾਸਕ ਦੀ ਅਗਵਾਈ ਹੇਂਠ ਮਲੋਆ ਵਿੱਚ ਤੀਜਾ ਸਮਾਧਾਨ ਕੈਂਪ, 84 ਸ਼ਿਕਾਇਤਾਂ ਤੇ ਅਰਜ਼ੀਆਂ ਪ੍ਰਾਪਤ
Publish Date: Mon, 25 May 2026 07:39 PM (IST)
Updated Date: Mon, 25 May 2026 07:40 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਵਿਚ ਸੋਮਵਾਰ ਮਲੋਆ ਦੇ ਵਾਸੀਆਂ ਲਈ ਸਮਾਧਾਨ ਕੈਂਪ ਲਾਇਆ ਗਿਆ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਇਹ ਤੀਜਾ ਕੈਂਪ ਸੀ, ਜਿਸ ਵਿੱਚ ਮੇਅਰ ਸੋਰਭ ਜੋਸ਼ੀ, ਮੁੱਖ ਸਕੱਤਰ ਐੱਚ. ਰਜੇਸ਼ ਪ੍ਰਸਾਦ, ਵਿੱਤ ਸਕੱਤਰ ਦੀਪਰਵਾ ਲਾਕੜਾ, ਡੀਜੀਪੀ ਸਾਗਰ ਪ੍ਰੀਤ ਹੁੱਡਾ ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸ਼ਿਕਾਇਤ ਨਿਪਟਾਊ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਵਾਸੀਆਂ ਤੋਂ ਕੁੱਲ 84 ਸ਼ਿਕਾਇਤਾਂ ਅਤੇ ਅਰਜ਼ੀਆਂ ਪ੍ਰਾਪਤ ਕੀਤੀਆਂ। ਮੌਕੇ ’ਤੇ ਹੀ ਸਾਰੀਆਂ ਸ਼ਿਕਾਇਤਾਂ ਦਾ ਰਜਿਸਟ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਸਮੇਂਬੱਧ ਨਿਪਟਾਰੇ ਲਈ ਸਬੰਧਿਤ ਵਿਭਾਗਾਂ ਕੋਲ ਭੇਜਿਆ ਗਿਆ। ਵਾਸੀਆਂ ਨੇ ਸਫ਼ਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਬਿਜਲੀ, ਸੜਕਾਂ, ਸਟਰੀਟ ਲਾਈਟਾਂ, ਮਕਾਨ, ਜਨ ਸਿਹਤ ਸੇਵਾਵਾਂ, ਸਿੱਖਿਆ, ਸੀਵਰੇਜ ਅਤੇ ਠੋਸ ਕੂੜਾ ਪ੍ਰਬੰਧਨ ਨਾਲ ਜੁੜੇ ਮਸਲੇ ਉਠਾਏ। ਮਲੋਆ ਦੀ ਪੰਜਾਬ ਸਰਹੱਦ ਨਾਲ ਨਜ਼ਦੀਕੀ ਕਾਰਨ ਸਿੱਖਿਆ, ਖੇਡ ਢਾਂਚਾ, ਸੁਰੱਖਿਆ ਅਤੇ ਨਸ਼ਾਮੁਕਤੀ ਨਾਲ ਸਬੰਧਿਤ ਮੁੱਦੇ ਵੀ ਪ੍ਰਮੁੱਖ ਰਹੇ। ਲੋਕਾਂ ਨੇ ਆਵਾਜਾਈ ਨੂੰ ਸੋਖਲਾ ਬਣਾਉਣ ਲਈ ਵਿਕਲਪਿਕ ਰਸਤੇ ਦੀ ਮੰਗ ਵੀ ਕੀਤੀ। ਅਧਿਕਾਰੀਆਂ ਨੇ ਮੌਕੇ ’ਤੇ ਹੀ ਕਈ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਜਦਕਿ ਹੋਰ ਮਾਮਲਿਆਂ ਨੂੰ ਤੁਰੰਤ ਕਾਰਵਾਈ ਲਈ ਸਬੰਧਿਤ ਵਿਭਾਗਾਂ ਨੂੰ ਸੌਂਪਿਆ ਗਿਆ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਸਮੇਂਬੱਧ ਹੱਲ ਦੇ ਨਿਰਦੇਸ਼ ਦਿੰਦਿਆਂ ਜਵਾਬਦੇਹੀ ਅਤੇ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ’ਤੇ ਜ਼ੋਰ ਦਿੱਤਾ। ਇਸ ਮੌਕੇ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਲਗਾਤਾਰ ਸੁਧਰ ਰਿਹਾ ਹੈ ਅਤੇ ਸੀਬੀਐੱਸਈ ਨਤੀਜਿਆਂ ਰਾਹੀਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਲਗਾਤਾਰ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮਲੋਆ ਦੇ ਸਰਕਾਰੀ ਸਕੂਲਾਂ ਵਿੱਚ ਖੇਡ ਮੈਦਾਨਾਂ ਅਤੇ ਖੇਡ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਯੋਗ ਖਿਡਾਰੀਆਂ ਨੂੰ ਕਰੀਬ 31 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪਹਿਲਾਂ ਲੱਗੇ ਸਮਾਧਾਨ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਡੱਡੂਮਾਜਰਾ ਕੈਂਪ ਵਿੱਚ ਮਿਲੀਆਂ 82 ਸ਼ਿਕਾਇਤਾਂ ਵਿੱਚੋਂ 61 ਦਾ ਨਿਪਟਾਰਾ ਹੋ ਚੁੱਕਾ ਹੈ, ਜਦਕਿ ਹੱਲੋਮਾਜਰਾ ਕੈਂਪ ਵਿੱਚ ਪ੍ਰਾਪਤ 54 ਸ਼ਿਕਾਇਤਾਂ ਵਿੱਚੋਂ 24 ਮਾਮਲਿਆਂ ਦਾ ਹੱਲ ਕੀਤਾ ਜਾ ਚੁੱਕਾ ਹੈ। ਬਾਕੀ ਮਾਮਲਿਆਂ ’ਤੇ ਕਾਰਵਾਈ ਜਾਰੀ ਹੈ। ਕੈਂਪ ਦੌਰਾਨ ਨਿਵਾਸੀਆਂ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਕੀਤੀਆਂ ਤਬਦੀਲੀਆਂ ਅਤੇ ਬਕਾਇਆ ਰਕਮ ਨਾਲ ਸਬੰਧਤ ਮੁੱਦੇ ਵੀ ਚੁੱਕੇ। ਇਸ ਮੌਕੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਦੱਸਿਆ ਕਿ ਪ੍ਰਸ਼ਾਸਕ ਦੀ ਮਨਜ਼ੂਰੀ ਨਾਲ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਜੋ ਇਨ੍ਹਾਂ ਤਬਦੀਲੀਆਂ ਦੇ ਨਿਯਮੀਕਰਨ ਦੇ ਮਾਮਲੇ ਦੀ ਜਾਂਚ ਕਰੇਗੀ। ਕਮੇਟੀ ਦੀਆਂ ਸਿਫ਼ਾਰਸ਼ਾਂ ਆਉਣ ਤੱਕ ਢਹਾਉਣ ਦੀ ਕਾਰਵਾਈ ’ਤੇ ਰੋਕ ਲਾਈ ਗਈ ਹੈ। ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਲੋਕਾਂ ਤੱਕ ਸ਼ਾਸਨ ਪਹੁੰਚਾਉਣ ਅਤੇ ਜਨਤਾ ਨਾਲ ਸਿੱਧੇ ਸੰਵਾਦ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਵਚਨਬੱਧ ਹੈ।