ਭਲਕੇ ਚੰਡੀਗੜ੍ਹ ’ਚ ਬੰਦ ਰਹਿਣਗੇ ਜ਼ਿਆਦਾਤਰ ਮੈਡੀਕਲ ਸਟੋਰ
20 ਮਈ ਨੂੰ ਚੰਡੀਗੜ੍ਹ ਵਿੱਚ ਬੰਦ ਰਹਿਣਗੇ ਜ਼ਿਆਦਾਤਰ ਮੈਡੀਕਲ ਸਟੋਰ
Publish Date: Mon, 18 May 2026 08:51 PM (IST)
Updated Date: Mon, 18 May 2026 08:51 PM (IST)

- ਜ਼ਰੂਰੀ ਦਵਾਈਆਂ ਲਈ 52 ਸਟੋਰ ਖੁੱਲ੍ਹੇ ਰਹਿਣਗੇ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : 20 ਮਈ ਨੂੰ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਵੱਲੋਂ ਐਲਾਨੇ ਗਏ ਰਾਸ਼ਟਰਵਿਆਪੀ ਬੰਦ ਦਾ ਅਸਰ ਚੰਡੀਗੜ੍ਹ ਵਿੱਚ ਵੀ ਵੇਖਣ ਨੂੰ ਮਿਲੇਗਾ। ਸ਼ਹਿਰ ਦੇ ਜ਼ਿਆਦਾਤਰ ਮੈਡੀਕਲ ਸਟੋਰ ਬੰਦ ਰਹਿਣਗੇ। ਅਜਿਹੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਪੀਜੀਆਈ, ਜੀਐੱਮਸੀਐੱਚ-32, ਜੀਐੱਮਐੱਸਐੱਚ-16 ਅਤੇ ਵੱਖ-ਵੱਖ ਸਿਵਲ ਹਸਪਤਾਲਾਂ ਸਮੇਤ 52 ਮੈਡੀਕਲ ਸਟੋਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਸਿਹਤ ਵਿਭਾਗ ਨੇ ਇਸ ਦੀ ਸੂਚੀ ਜਾਰੀ ਕਰ ਕੇ ਲੋਕਾਂ ਨੂੰ ਲੋੜ ਪੈਣ ’ਤੇ ਇਨ੍ਹਾਂ ਹੀ ਦੁਕਾਨਾਂ ਤੋਂ ਦਵਾਈਆਂ ਲੈਣ ਦੀ ਅਪੀਲ ਕੀਤੀ ਹੈ। ਹਾਲਾਂਕਿ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਜੀਵਨ ਰੱਖੂ ਦਵਾਈਆਂ ਦੀ ਉਪਲਬਧਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਪ੍ਰਸ਼ਾਸਨ ਨੇ ਸ਼ਹਿਰ ਵਿੱਚ 52 ਮੈਡੀਕਲ ਸਟੋਰ ਖੁੱਲ੍ਹੇ ਰੱਖਣ ਦੀ ਵਿਵਸਥਾ ਕੀਤੀ ਹੈ। ਇਨ੍ਹਾਂ ਵਿੱਚ ਪੀਜੀਆਈ ਦੇ ਨਿਊ ਓਪੀਡੀ, ਐਡਵਾਂਸ ਟਰੋਮਾ ਸੈਂਟਰ, ਕਾਰਡਿਯਕ ਸੈਂਟਰ, ਐਡਵਾਂਸਡ ਆਈ ਸੈਂਟਰ ਅਤੇ ਗੋਲ ਮਾਰਕੀਟ ਸਥਿਤ ਕਈ ਮੈਡੀਕਲ ਸਟੋਰ ਸ਼ਾਮਲ ਹਨ। ਇਸ ਤੋਂ ਇਲਾਵਾ ਜੀਐੱਮਸੀਐੱਚ-32, ਜੀਐੱਮਐੱਸਐੱਚ-16, ਸੈਕਟਰ-22 ਅਤੇ ਸੈਕਟਰ-45 ਸਥਿਤ ਸਿਵਲ ਹਸਪਤਾਲਾਂ ਦੇ ਮੈਡੀਕਲ ਸਟੋਰ ਵੀ ਖੁੱਲ੍ਹੇ ਰਹਿਣਗੇ। ਪ੍ਰਸ਼ਾਸਨ ਨੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ ਨੂੰ ਵੀ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਆਮ ਲੋਕਾਂ ਨੂੰ ਸਸਤੀਆਂ ਅਤੇ ਜ਼ਰੂਰੀ ਦਵਾਈਆਂ ਆਸਾਨੀ ਨਾਲ ਮਿਲ ਸਕਣ। ਸਿਹਤ ਵਿਭਾਗ ਮੁਤਾਬਕ ਬੰਦ ਦੌਰਾਨ ਜਿਨ੍ਹਾਂ ਮੈਡੀਕਲ ਸਟੋਰਾਂ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਪੂਰੇ ਦਿਨ ਕੰਮ ਕਰਦੇ ਰਹਿਣਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਜ਼ਰੂਰਤ ਪੈਣ ’ਤੇ ਸੂਚੀਬੱਧ ਮੈਡੀਕਲ ਸਟੋਰਾਂ ਤੋਂ ਦਵਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।