ਰਾਧਾਸਵਾਮੀ ਸਤਿਸੰਗ ਦੌਰਾਨ ਮਨੀਮਾਜਰਾ ’ਚ ਭਾਰੀ ਜਾਮ
ਰਾਧਾਸਵਾਮੀ ਸਤਸੰਗ ਦੌਰਾਨ ਮਨੀਮਾਜਰਾ ਵਿੱਚ ਭਾਰੀ ਜਾਮ
Publish Date: Mon, 18 May 2026 08:49 PM (IST)
Updated Date: Mon, 18 May 2026 08:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ : ਮਨੀਮਾਜਰਾ ਸਥਿਤ ਨਵੇਂ ਰਾਧਾਸਵਾਮੀ ਸਤਿਸੰਗ ਭਵਨ ਵਿੱਚ ਸੋਮਵਾਰ ਸਵੇਰੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਡੇਰਾ ਮੁਖੀ ਹੈਲੀਕਾਪਟਰ ਰਾਹੀਂ ਸਤਿਸੰਗ ਭਵਨ ਪਹੁੰਚੇ। ਜਿਸ ਕਾਰਨ ਸ਼ਰਧਾਲੂਆਂ ਦਾ ਵੱਡਾ ਇਕੱਠ ਹੋ ਗਿਆ। ਇਸ ਦੌਰਾਨ ਸੜਕਾਂ ’ਤੇ ਟ੍ਰੈਫਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਕਾਰਨ ਪੰਚਕੂਲਾ ਤੋਂ ਚੰਡੀਗੜ੍ਹ ਆਉਣ ਵਾਲੇ ਮੁੱਖ ਰਸਤਿਆਂ ’ਤੇ ਲੰਬਾ ਜਾਮ ਲੱਗ ਗਿਆ। ਕਈ ਥਾਵਾਂ ’ਤੇ ਵਾਹਨ ਘੰਟਿਆਂ ਤੱਕ ਰੇਂਗਦੇ ਰਹੇ ਅਤੇ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਵਿੱਚ ਕਾਫੀ ਦੇਰੀ ਹੋਈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪੁਲਿਸ ਅਤੇ ਟ੍ਰੈਫਿਕ ਵਿਭਾਗ ਨੂੰ ਪ੍ਰੋਗਰਾਮ ਬਾਰੇ ਪਹਿਲਾਂ ਤੋਂ ਕੋਈ ਜਾਣਕਾਰੀ ਹੀ ਨਹੀਂ ਸੀ। ਇਸ ਕਰ ਕੇ ਸ਼ੁਰੂਆਤੀ ਸਮੇਂ ਮੌਕੇ ’ਤੇ ਨਾ ਤਾਂ ਪੁਲਿਸ ਬਲ ਤਾਇਨਾਤ ਸੀ ਅਤੇ ਨਾ ਹੀ ਟ੍ਰੈਫਿਕ ਕੰਟਰੋਲ ਲਈ ਢੰਗ ਦੇ ਇੰਤਜ਼ਾਮ ਨਜ਼ਰ ਆਏ। ਅਚਾਨਕ ਵਧੀ ਭੀੜ ਅਤੇ ਵਾਹਨਾਂ ਦੇ ਦਬਾਅ ਨੇ ਪੂਰੇ ਇਲਾਕੇ ਦੀ ਆਵਾਜਾਈ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਦਿੱਤਾ। ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਮਨੀਮਾਜਰਾ ਵੱਲ ਆਉਣਾ ਸ਼ੁਰੂ ਹੋ ਗਿਆ ਸੀ। ਵੇਖਦੇ ਹੀ ਵੇਖਦੇ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੰਚਕੂਲਾ-ਚੰਡੀਗੜ੍ਹ ਮਾਰਗ, ਮਨੀਮਾਜਰਾ ਚੌਕ ਅਤੇ ਆਸ-ਪਾਸ ਦੇ ਲਿੰਕ ਰੋਡ ਸਭ ਤੋਂ ਵੱਧ ਪ੍ਰਭਾਵਿਤ ਰਹੇ। ਕਈ ਲੋਕ ਕਰੀਬ ਇੱਕ ਘੰਟੇ ਤੱਕ ਜਾਮ ਵਿੱਚ ਫਸੇ ਰਹੇ।