ਚੰਡੀਗੜ੍ਹ ’ਚ ਪੈਟਰੋਲ-ਡੀਜ਼ਲ ਦੀ ਸੀਮਾ ਤੈਅ ਕਰਨ ਦੀਆਂ ਖ਼ਬਰਾਂ ਫ਼ਰਜ਼ੀ, ਪ੍ਰਸ਼ਾਸਨ ਨੇ ਕੀਤਾ ਖੰਡਨ
ਚੰਡੀਗੜ੍ਹ ਵਿੱਚ ਪੈਟਰੋਲ-ਡੀਜ਼ਲ ਦੀ ਸੀਮਾ ਤੈਅ ਕਰਨ ਦੀਆਂ ਖ਼ਬਰਾਂ ਫ਼ਰਜ਼ੀ, ਪ੍ਰਸ਼ਾਸਨ ਨੇ ਕੀਤਾ ਖੰਡਨ
Publish Date: Mon, 18 May 2026 07:06 PM (IST)
Updated Date: Mon, 18 May 2026 07:09 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਸ਼ਹਿਰ ਦੇ ਪੈਟਰੋਲ ਪੰਪਾਂ ’ਤੇ ਅਸਥਾਈ ਤੌਰ ’ਤੇ ਤੇਲ ਦੀ ਸੀਮਾ ਤੈਅ ਕੀਤੇ ਜਾਣ ਸਬੰਧੀ ਗੁੰਮਰਾਹ ਕਰਨ ਵਾਲੀਆਂ ਅਤੇ ਫ਼ਰਜ਼ੀ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖ਼ਬਰਾਂ ਵਿੱਚ ਸਥਾਨਕ ਸਪਲਾਈ ਵਿੱਚ ਰੁਕਾਵਟਾਂ ਦਾ ਹਵਾਲਾ ਦਿੰਦਿਆਂ ਦੋਪਹੀਆ ਵਾਹਨਾਂ ਲਈ 500 ਰੁਪਏ ਅਤੇ ਚਾਰਪਹੀਆ ਵਾਹਨਾਂ ਲਈ 1500 ਰੁਪਏ ਤੱਕ ਤੇਲ ਦੀ ਸੀਮਾ ਨਿਰਧਾਰਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸੀਮਾ ਜਾਂ ਪਾਬੰਦੀ ਲਗਾਉਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੁਰ ਮਾਤਰਾ ਵਿੱਚ ਉਪਲਬਧਤਾ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਤੇਲ ਦਾ ਪੂਰਾ ਸਟਾਕ ਮੌਜੂਦ ਹੈ ਅਤੇ ਸਪਲਾਈ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਜਾਰੀ ਹੈ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਅਤੇ ਬੇਲੋੜੀ ਤੌਰ ’ਤੇ ਤੇਲ ਦਾ ਭੰਡਾਰਨ ਜਾਂ ਵੱਧ ਖ਼ਰੀਦਦਾਰੀ ਨਾ ਕਰਨ। ਸ਼ਹਿਰ ਦੇ ਸਾਰੇ ਰਿਟੇਲ ਫਿਊਲ ਆਊਟਲੈਟਸ ’ਤੇ ਪ੍ਰਚੁਰ ਮਾਤਰਾ ਵਿੱਚ ਤੇਲ ਉਪਲਬਧ ਹੈ। ਚੰਡੀਗੜ੍ਹ ਪ੍ਰਸ਼ਾਸਨ ਸਬੰਧਿਤ ਆਇਲ ਮਾਰਕੀਟਿੰਗ ਕੰਪਨੀਆਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਦਿਆਂ ਸਥਿਤੀ ’ਤੇ ਨਿਗਰਾਨੀ ਕਰ ਰਿਹਾ ਹੈ, ਤਾਂ ਜੋ ਸ਼ਹਿਰ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ।