ਸ਼ਹੀਦ ਊਧਮ ਸਿੰਘ ਸਬੰਧੀ ਸਮਾਗਮ ’ਚ ਸੇਵਾ ਤੇ ਇਕਤਾ ਦਾ ਸੰਦੇਸ਼
ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਮਾਗਮ ਦੌਰਾਨ ਸੇਵਾ ਤੇ ਇਕਤਾ ਦਾ ਸੰਦੇਸ਼ ਦਿੱਤਾ
Publish Date: Tue, 05 May 2026 06:57 PM (IST)
Updated Date: Wed, 06 May 2026 04:12 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਸੈਕਟਰ 44 ਵਿਖੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਵਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕਰਵਾਏ ਗਏ। ਇਸ ਉਪਰੰਤ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਭੇਟ ਕਰਦਿਆਂ ਵੱਖ ਵੱਖ ਬੁਲਾਰਿਆਂ ਵਲੋਂ ਸੰਦੇਸ਼ ਦਿੱਤਾ ਗਿਆ ਕਿ ਦੇਸ਼ ਅਤੇ ਸਮਾਜ ਲਈ ਜਿਨ੍ਹਾਂ ਹੋ ਸਕੇ ਸ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਮੌਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਦੀ ਨਵ-ਨਿਯੁਕਤ ਚੇਅਰਪਰਸਨ ਬੀਬੀ ਸਲਿੰਦਰ ਕੌਰ ਚੰਦੀ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਭਵਨ ਵਿਚ ਪਿਛਲੇ ਸਮੇਂ ਤੋਂ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਕੀਤੀ ਤੇ ਭਰੋਸਾ ਦਿਵਾਇਆ ਕਿ ਸ਼ਹੀਦ ਊਧਮ ਸਿੰਘ ਭਵਨ ਕਮੇਟੀ ਸਾਰੇ ਮੈਂਬਰਾਂ ਦੇ ਸਹਿਯੋਗ ਤਹਿਤ ਪਾਰਦਰਸ਼ਤਾ ਨਾਲ ਕੰਮ ਕਰੇਗੀ। ਸਮਾਗਮ ਵਿਚ ਪੁੱਜੇ ਮੁੱਖ ਮਹਿਮਾਨ ਬੀਬੀ ਲਖਵਿੰਦਰ ਕੌਰ ਗਰਚਾ ਨੇ ਸ਼ਹੀਦ ਊਧਮ ਨੂੰ ਯਾਦ ਕਰਦਿਆਂ ਕਿਹਾ ਕਿ ਬੀਬੀ ਸਲਿੰਦਰ ਕੌਰ ਚੰਦੀ ਦਲੇਰੀ ਨਾਲ ਕੰਮ ਕਰਨ ਵਾਲੀ ਮਹਿਲਾ ਹਨ। ਉਨ੍ਹਾਂ ਕਿਹਾ ਕਿ ਭਵਨ ਵਿਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਸ਼ਹੀਦਾਂ ਦੇ ਭਵਨ ਪਾਕ ਪਵਿੱਤਰ ਰਹਿਣੇ ਚਾਹੀਦੇ ਹਨ। ਇਸ ਮੌਕੇ ਸੀਨੀਅਰ ਵਾਇਸ ਚੇਅਰਮੈਨ ਲਖਵਿੰਦਰ ਸਿੰਘ ਮੋਮੀ ਨੇ ਕਿਹਾ ਕਿ ਭਵਨ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੁੰਦੇ ਤੇ ਨਾ ਕੋਈ ਇਸ ਉਤੇ ਕਾਬਜ਼ ਹੀ ਹੋ ਸਕਦਾ ਹੈ। ਰਾਜਾ ਸਿੰਘ ਸੱਗੂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਨਾਮ ਨਾਲ ਹੀ ਜੋਸ਼ ਭਰ ਜਾਂਦਾ ਹੈ। ਇਸ ਮੌਕੇ ਸ੍ਰੀ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਨਾਲ ਅਤਿਆਚਾਰ ਹੁੰਦਾ ਹੋਵੇ ਤਾਂ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਤੇ ਇਸ ਖਿਲਾਫ ਲੜਨਾ ਚਾਹੀਦਾ ਹੈ। ਭਵਨ ਦੇ ਚੇਅਰਮੈਨ ਅਪੀਲੈਂਟ ਅਥਾਰਿਟੀ ਅਤੇ ਸਾਬਕਾ ਆਈ ਆਰ ਐਸ ਜਰਨੈਲ ਸਿੰਘ ਸੰਧਾ ਨੇ ਸ਼ਹੀਦ ਊਧਮ ਸਿੰਘ ਭਵਨ ਦੀ ਸਥਾਪਨਾ ਲਈ 1987 ਤੋਂ ਸ਼ੁਰੂ ਕੀਤੀ ਗਈ ਜਦੋਜਹਿਦ ਦਾ ਜ਼ਿਕਰ ਕੀਤਾ। ਉਨਾਂ ਕਿਹਾ ਅਜਿਹੇ ਨੇਕ ਕਾਰਜ ਲਈ ਇਮਾਨਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਹ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਕਰਦੇ ਆ ਰਹੇ ਹਨ। ਸਮਾਗਮ ’ਚ ਚੰਡੀਗੜ੍ਹ ਤੋਂ ਭਾਜਪਾ ਇੰਚਾਰਜ ਸੰਜੇ ਟੰਡਨ ਨੇ ਬੀਬੀ ਸਲਿੰਦਰ ਕੌਰ ਚੰਦੀ ਨੂੰ ਵਧਾਈ ਦਿਤੀ ਅਤੇ ਆਸ ਪ੍ਰਗਟਾਈ ਕਿ ਉਹ ਸਮਾਜ ਵਿਚ ਸ਼ਹੀਦਾਂ ਦੇ ਜਜ਼ਬੇ ਉਤੇ ਪਹਿਰਾ ਦੇਣਗੇ। ਇਸ ਮੌਕੇ ਮਨਜੀਤ ਸਿੰਘ ਕੰਬੋਜ,ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਬੀਬੀ ਰਵਿੰਦਰ ਕੌਰ ਗੁਜਰਾਲ,ਕਿਰਪਾ ਸਿੰਘ,ਗੋਮਾ ਸਿੰਘ ,ਬਲਵਿੰਦਰ ਸਿੰਘ ਮੋਹਾਲੀ, ਜਤਿੰਦਰ ਕੰਬੋਜ, ਇੰਦਰਜੀਤ ਸਿੰਘ ਨੱਢਾ, ਮਨਮੋਹਨ ਕੰਬੋਜ ਤੇ ਕਿਸਾਨ ਨੇਤਾ ਵੀ ਹਾਜ਼ਰ ਸਨ। ਮੰਚ ਸੰਚਾਲਨ ਰਾਮ ਸਿੰਘ ਬਲੋਂਗੀ ਵਲੋਂ ਕੀਤਾ ਗਿਆ।