ਚਿੰਨੀ ਕੁਬਾਹੇੜੀ ਕਤਲ ਕਾਂਡ ’ਚ ਵੱਡਾ ਖੁਲਾਸਾ
ਚਿੰਨੀ ਕੁਬਾਹੇੜੀ ਕਤਲ ਕਾਂਡ ‘ਚ ਵੱਡਾ ਖੁਲਾਸਾ
Publish Date: Mon, 04 May 2026 08:45 PM (IST)
Updated Date: Mon, 04 May 2026 08:47 PM (IST)

- ਸੈਕਟਰ-35 ਦੀ ਅਮਰੀਨ ਰਾਏ ਨੇ ਗੈਂਗਸਟਰ ਲੱਕੀ ਪਟਿਆਲ ਨੂੰ ਸੁਪਾਰੀ ਦੇ ਕੇ ਕਰਵਾਇਆ ਚਿੰਨੀ ਕੁਬਾਹੇੜੀ ਦਾ ਕਤਲ ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਸ਼ਹਿਰ ਦੇ ਚਰਚਿਤ ਚਰਨਪ੍ਰੀਤ ਉਰਫ਼ ਚਿੰਨੀ ਕੁਬਾਹੇੜੀ ਕਤਲ ਕਾਂਡ ਵਿੱਚ ਦੋ ਮਹੀਨੇ ਬਾਅਦ ਵੱਡਾ ਮੋੜ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸੈਕਟਰ-35 ਦੀ ਰਹਿਣ ਵਾਲੀ ਅਮਰੀਨ ਰਾਏ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਅਮਰੀਨ ਹੀ ਇਸ ਹੱਤਿਆ ਦੀ ਮਾਸਟਰਮਾਈਂਡ ਹੈ। ਪੁਲਿਸ ਅਨੁਸਾਰ ਅਮਰੀਨ, ਜੋ ਕਿ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੀ ਰਿਸ਼ਤੇਦਾਰ ਦੱਸੀ ਜਾ ਰਹੀ ਹੈ, ਨੇ ਚਮਨਪ੍ਰੀਤ ਸਿੰਘ ਉਰਫ ਚਿੰਨੀ ਕੁਬਾਹੇੜੀ ਨੂੰ ਰਾਹ ਤੋਂ ਹਟਾਉਣ ਲਈ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਨੂੰ ਸੁਪਾਰੀ ਦਿੱਤੀ ਸੀ। ਨਿਊ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਨੂੰ ਲੈ ਕੇ ਅਮਰੀਨ ਅਤੇ ਚਿੰਨੀ ਵਿਚਕਾਰ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਰੰਜਿਸ਼ ਕਾਰਨ ਅਮਰੀਨ ਨੇ ਮਾਮਲਾ ਆਪਣੇ ਹੱਥ ਵਿੱਚ ਲਿਆ ਅਤੇ ਮੋਹਾਲੀ ਦੇ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਸਿੰਘ ਬੈਂਸ ਰਾਹੀਂ ਲੱਕੀ ਪਟਿਆਲ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ 18 ਮਾਰਚ ਨੂੰ ਗੈਂਗਸਟਰ ਵੱਲੋਂ ਭੇਜੇ ਗਏ ਦੋ ਸ਼ੂਟਰਾਂ ਨੇ ਸੈਕਟਰ-9 ਵਿੱਚ ਜਿਮ ਦੇ ਬਾਹਰ ਚਿੰਨੀ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਸੋਮਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਅਮਰੀਨ ਨੂੰ ਗ੍ਰਿਫ਼ਤਾਰ ਕਰ ਕੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੂਜੇ ਪਾਸੇ ਹਰਸ਼ਪ੍ਰੀਤ ਨੂੰ ਪੁਲਿਸ ਪਹਿਲਾਂ ਹੀ 29 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਅਮਰੀਨ ਦੀ ਭੂਮਿਕਾ ਸਾਹਮਣੇ ਆਈ। ਇਸ ਵੇਲੇ ਪੁਲਿਸ ਦੋਵੇਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ 27 ਸਾਲਾ ਹਰਸ਼ਪ੍ਰੀਤ ਨੂੰ ਸੈਕਟਰ-26 ਦੇ ਸਤਸੰਗ ਭਵਨ ਨੇੜੇ ਕਾਬੂ ਕੀਤਾ ਸੀ। ਉਸਦੇ ਕਬਜ਼ੇ ਤੋਂ ਇੱਕ ਇੰਪੋਰਟਡ .45 ਬੋਰ ਪਿਸਤੌਲ ਅਤੇ ਦੋ ਜਿੰਦੇ ਕਾਰਤੂਸ ਬਰਾਮਦ ਹੋਏ। ਜਾਂਚ ਵਿੱਚ ਪਤਾ ਲੱਗਾ ਕਿ ਇਹ ਪਿਸਤੌਲ ਅਮਰੀਨ ਦੇ ਨਾਮ ’ਤੇ ਰਜਿਸਟਰਡ ਸੀ, ਜਿਸ ਨਾਲ ਪੁਲਿਸ ਨੂੰ ਮੁੱਖ ਕੜੀ ਮਿਲੀ। ਬੈਂਕ ਖਾਤਿਆਂ ਦੀ ਜਾਂਚ ਦੌਰਾਨ ਵੀ ਇਹ ਸਾਹਮਣੇ ਆਇਆ ਕਿ ਮਾਮਲਾ ਸੁਪਾਰੀ ਕਿਲਿੰਗ ਨਾਲ ਜੁੜਿਆ ਹੋਇਆ ਹੈ। ਪ੍ਰਾਪਰਟੀ ਡੀਲ ’ਚ ਧੋਖਾ, ਬਣੀ ਦੁਸ਼ਮਨੀ : ਪੁਲਿਸ ਜਾਂਚ ਮੁਤਾਬਿਕ ਅਮਰੀਨ ਨੇ ਕੁਝ ਸਮਾਂ ਪਹਿਲਾਂ ਚਿੰਨੀ ਤੋਂ ਨਿਊ ਚੰਡੀਗੜ੍ਹ ਵਿੱਚ ਇੱਕ ਪ੍ਰਾਪਰਟੀ ਖ਼ਰੀਦੀ ਸੀ। ਉਸ ਨੂੰ ਸ਼ੱਕ ਸੀ ਕਿ ਚਿੰਨੀ ਨੇ ਉਸ ਨਾਲ ਧੋਖਾ ਕਰਦੇ ਹੋਏ ਮੌਜੂਦਾ ਕੀਮਤ ਨਾਲੋਂ ਕਾਫ਼ੀ ਮਹਿੰਗੀ ਪ੍ਰਾਪਰਟੀ ਵੇਚੀ ਅਤੇ ਕਬਜ਼ਾ ਵੀ ਨਹੀਂ ਦਿੱਤਾ। ਇਸ ਕਾਰਨ ਉਸ ਨੂੰ ਵੱਡਾ ਨੁਕਸਾਨ ਹੋਇਆ ਅਤੇ ਦੋਵਾਂ ਵਿੱਚ ਤਕਰਾਰ ਵਧ ਗਈ। ਇਸ ਦੌਰਾਨ ਅਮਰੀਨ ਦੀ ਮੁਲਾਕਾਤ ਪ੍ਰਾਪਰਟੀ ਡੀਲਰ ਹਰਸ਼ਪ੍ਰੀਤ ਨਾਲ ਹੋਈ, ਜਿਸ ਨੇ ਉਸ ਦੀ ਗੱਲ ਲੱਕੀ ਪਟਿਆਲ ਤੱਕ ਪਹੁੰਚਾਈ। ਦੋਵਾਂ ਵਿਚਕਾਰ ਇੰਟਰਨੈੱਟ ਮੀਡੀਆ ਅਤੇ ਕੁਝ ਐਨਕ੍ਰਿਪਟਡ ਮੋਬਾਈਲ ਐਪਸ ਰਾਹੀਂ ਸੰਪਰਕ ਬਣਿਆ ਰਿਹਾ। ਅਮਰੀਨ ਨੇ ਕਤਲ ਦੇ ਬਦਲੇ ਗੈਂਗਸਟਰ ਨੂੰ ਮੋਟੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਪੰਜਾਬ ਪੁਲਿਸ ਨੇ ਪਹਿਲਾਂ ਹੀ ਫੜੇ ਸਨ ਸ਼ੂਟਰ : ਵਾਰਦਾਤ ਦੇ ਅਗਲੇ ਦਿਨ ਹੀ ਪੰਜਾਬ ਪੁਲਿਸ ਨੇ ਦੋਵੇਂ ਸ਼ੂਟਰਾਂ ਫਿਰੋਜ਼ਪੁਰ ਵਾਸੀ ਰਾਜਨ ਉਰਫ ਪਿਊਸ਼ ਪਹਲਵਾਨ ਅਤੇ ਨਵਾਂਸ਼ਹਿਰ ਵਾਸੀ ਪ੍ਰੀਤਮ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਸ਼ੂਟਰਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਵੀ ਕਾਬੂ ਕੀਤਾ ਗਿਆ, ਜਿਨ੍ਹਾਂ ਵਿੱਚ ਮੋਹਾਲੀ ਦਾ ਜਾਣੂ ਮਲਿਕ, ਬੁੜੈਲ ਦਾ ਕਮਲਪ੍ਰੀਤ ਉਰਫ ਕਮੂ, ਮਲੋਆ ਦਾ ਰਾਹੁਲ ਸ਼ਰਮਾ ਅਤੇ ਵਿਕੀ ਸ਼ਾਮਲ ਹਨ। ਇਨ੍ਹਾਂ ਨੇ ਸ਼ੂਟਰਾਂ ਨੂੰ ਹਥਿਆਰ, ਗੱਡੀ ਅਤੇ ਪੈਸੇ ਮੁਹੱਈਆ ਕਰਵਾਏ ਸਨ।