ਚੰਡੀਗੜ੍ਹ ’ਚ ਭਾਜਪਾ ਨੇ ਮਨਾਇਆ ਬੰਗਾਲ ਜਿੱਤ ਦਾ ਜਸ਼ਨ
ਚੰਡੀਗੜ੍ਹ ਵਿਚ ਭਾਜਪਾ ਨੇ ਮਨਾਇਆ ਬੰਗਾਲ ਜਿੱਤ ਦਾ ਜਸ਼ਨ
Publish Date: Mon, 04 May 2026 07:44 PM (IST)
Updated Date: Mon, 04 May 2026 07:44 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪ੍ਰਦੇਸ਼ ਦਫ਼ਤਰ, ਕਮਲਮ ਸੈਕਟਰ 33 ਵਿੱਚ ਅੱਜ ਪ੍ਰਦੇਸ਼ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਪੱਛਮੀ ਬੰਗਾਲ ਵਿੱਚ ਪਾਰਟੀ ਦੀ ਵੱਡੀ ਜਿੱਤ ਦੇ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਗਿਆ। ਇਸ ਮੌਕੇ ਬੂਥ ਪੱਧਰ ਤੋਂ ਲੈ ਕੇ ਪ੍ਰਦੇਸ਼ ਪੱਧਰ ਤੱਕ ਦੇ ਸਾਰੇ ਅਹੁਦੇਦਾਰ ਅਤੇ ਕਾਰਕੁੰਨ ਵੱਡੀ ਗਿਣਤੀ ਵਿੱਚ ਮੌਜੂਦ ਰਹੇ ਅਤੇ ਸਭ ਨੇ ਇਕੱਠੇ ਹੋ ਕੇ ਇਸ ਇਤਿਹਾਸਕ ਜਿੱਤ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਰਾਸ਼ਟਰੀ ਉਪ ਪ੍ਰਧਾਨ ਸੌਦਾਨ ਸਿੰਘ, ਪ੍ਰਦੇਸ਼ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ, ਰਾਜ ਸਭਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਮੌਜੂਦਾ ਹਿਮਾਚਲ ਪ੍ਰਦੇਸ਼ ਦੇ ਸਹਿ-ਇੰਚਾਰਜ ਸੰਜੇ ਟੰਡਨ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦੌਰਾਨ ਕਾਰਕੁੰਨਾਂ ਵਿੱਚ ਬੇਮਿਸਾਲ ਉਤਸ਼ਾਹ, ਮਾਣ ਅਤੇ ਜੋਸ਼ ਦੇਖਣ ਨੂੰ ਮਿਲਿਆ। ਉਪ ਪ੍ਰਧਾਨ ਸੌਦਾਨ ਸਿੰਘ ਨੇ ਕਿਹਾ ਕਿ ਹੁਣ ਤੱਕ ਬੰਗਾਲ ਜਿੱਤਿਆ ਹੈ, ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਦੇ ਇਸ ਬਿਆਨ ਨੇ ਪੂਰੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਇਸਦੇ ਨਾਲ ਹੀ ਪ੍ਰਦੇਸ਼ ਪ੍ਰਧਾਨ ਜਿਤੇਂਦਰ ਪਾਲ ਮਲਹੋਤਰਾ ਨੇ ਕਿਹਾ ਕਿ ਬੰਗਾਲ ਦੀ ਜਿੱਤ ਨੇ ਕਾਰਕੁੰਨਾਂ ਦਾ ਹੌਸਲਾ ਕਈ ਗੁਣਾ ਵਧਾਇਆ ਹੈ ਅਤੇ ਹੁਣ ਦਸੰਬਰ ਵਿੱਚ ਚੰਡੀਗੜ੍ਹ ਨਗਰ ਨਿਗਮ ਦੀਆਂ ਸਾਰੀਆਂ 35 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਰਚਣ ਦਾ ਸਮਾਂ ਆ ਗਿਆ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਬੰਗਾਲ ਦੀ ਇਤਿਹਾਸਕ ਜਿੱਤ ਨੇ ਦੇਸ਼ ਭਰ ਵਿੱਚ ਨਵੀਂ ਉਰਜਾ ਭਰੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿੱਚ ਵੀ ਜਿੱਤ ਦਾ ਝੰਡਾ ਲਹਿਰਾਇਆ ਜਾਵੇ। ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਕਾਰਕੁੰਨਾਂ ਨੇ ਪਟਾਖੇ ਚਲਾ ਕੇ ਅਤੇ ਆਤਿਸ਼ਬਾਜ਼ੀ ਕਰ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਕਾਰਕੁੰਨਾਂ ਨੇ ਪਰੰਪਰਾਗਤ ਬੰਗਾਲੀ ਖਾਣਾ ‘ਝਾਲ ਮੁਰੀ’ ਆਪਣੇ ਹੱਥਾਂ ਨਾਲ ਤਿਆਰ ਕਰ ਕੇ ਸਭ ਵਿੱਚ ਵੰਡਿਆ ਅਤੇ ਇਸ ਜਿੱਤ ਦੀ ਖੁਸ਼ੀ ਸਾਂਝੀ ਕੀਤੀ।