ਰਿਭਵ ਰਿਸ਼ੀ ਖ਼ਿਲਾਫ਼ ਬਜ਼ੁਰਗ ਪਤੀ-ਪਤਨੀ ਨਾਲ ਢਾਈ ਕਰੋੜ ਦੀ ਠੱਗੀ ਦਾ ਮਾਮਲਾ ਦਰਜ
ਰਿਭਵ ਰਿਸ਼ੀ ਖ਼ਿਲਾਫ਼ ਬਜ਼ੁਰਗ ਪਤੀ-ਪਤਨੀ ਨਾਲ ਢਾਈ ਕਰੋੜ ਰੁਪਏ ਦੀ ਠੱਗੀ ਕਰਨ ਦਾ ਇਕ ਹੋਰ ਮਾਮਲਾ ਦਰਜ
Publish Date: Mon, 20 Apr 2026 07:08 PM (IST)
Updated Date: Mon, 20 Apr 2026 07:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : 590 ਕਰੋੜ ਰੁਪਏ ਦੇ ਚਰਚਿਤ ਬੈਂਕ ਘੋਟਾਲੇ ਦੇ ਮਾਸਟਰਮਾਈਂਡ ਅਤੇ ਆਈਡੀਐੱਫਸੀ ਫਰਸਟ ਬੈਂਕ ਦੇ ਸਾਬਕਾ ਮੈਨੇਜਰ ਰਿਭਵ ਰਿਸ਼ੀ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਐੱਨਆਰਆਈ ਬਜ਼ੁਰਗ ਪਤੀ-ਪਤਨੀ ਨਾਲ 2 ਕਰੋੜ 50 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਇਸ ਧੋਖਾਧੜੀ ਵਿੱਚ ਰਿਭਵ ਰਿਸ਼ੀ ਇਕੱਲਾ ਨਹੀਂ ਸੀ, ਸਗੋਂ ਸੈਕਟਰ-22 ਸਥਿਤ ਆਈਡੀਐੱਫਸੀ ਫਰਸਟ ਬੈਂਕ ਦੇ ਹੋਰ ਅਧਿਕਾਰੀਆਂ ਦੀ ਵੀ ਮਿਲੀਭੁਗਤ ਸਾਹਮਣੇ ਆਈ ਹੈ। ਮਾਮਲੇ ਵਿਚ ਇੱਕ ਮੈਨੇਜਰ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤਕਰਤਾ ਤਰਨਜੀਤ ਕੌਰ ਬੈਂਸ (77) ਅਤੇ ਉਨ੍ਹਾਂ ਦੇ ਪਤੀ ਹਰਬੰਤ ਸਿੰਘ (86), ਜੋ ਇਸ ਵੇਲੇ ਲੰਡਨ (ਯੂਕੇ) ਵਿੱਚ ਰਹਿੰਦੇ ਹਨ, ਨੇ ਦੱਸਿਆ ਕਿ ਸਾਲ 2020 ਵਿੱਚ ਚੰਡੀਗੜ੍ਹ ਵਿੱਚ ਆਪਣੀ ਕੋਠੀ ਵੇਚਣ ਦੌਰਾਨ ਉਨ੍ਹਾਂ ਦੀ ਮੁਲਾਕਾਤ ਸੇਵਾਮੁਕਤ ਬੈਂਕ ਅਧਿਕਾਰੀ ਆਰਕੇ ਰਿਸ਼ੀ ਨਾਲ ਹੋਈ। ਉਨ੍ਹਾਂ ਨੇ ਆਪਣੇ ਪੁੱਤਰ ਰਿਭਵ ਰਿਸ਼ੀ ਨਾਲ ਮਿਲਵਾਇਆ, ਜੋ ਉਸ ਸਮੇਂ ਸੈਕਟਰ-22 ਸਥਿਤ ਆਈਡੀਐੱਫਸੀ ਫਰਸਟ ਬੈਂਕ ਵਿੱਚ ਮੈਨੇਜਰ ਸੀ। ਦੋਸ਼ ਹੈ ਕਿ ਰਿਭਵ ਰਿਸ਼ੀ ਨੇ ਉੱਚੇ ਰਿਟਰਨ ਦਾ ਲਾਲਚ ਦੇ ਕੇ ਪਤੀ-ਪਤਨੀ ਦਾ ਐੱਨਆਰਆਈ ਖਾਤਾ ਖੁੱਲ੍ਹਵਾਇਆ ਅਤੇ ਬਾਅਦ ਵਿੱਚ ਨਿਵੇਸ਼ ਯੋਜਨਾਵਾਂ ਅਤੇ ਆਈਪੀਓ ਦੇ ਨਾਮ ’ਤੇ ਉਨ੍ਹਾਂ ਦੇ ਖਾਤੇ ਵਿੱਚੋਂ ਵੱਡੀ ਰਕਮ ਟਰਾਂਸਫਰ ਕਰਵਾ ਲਈ। ਨਿੱਜੀ ਖਾਤਿਆਂ ’ਚ ਟਰਾਂਸਫਰ ਕੀਤੀ ਗਈ ਰਕਮ : ਪਤੀ-ਪਤਨੀ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਾਰੇ ਨਿਵੇਸ਼ ਬੈਂਕ ਦੀਆਂ ਅਧਿਕਾਰਿਕ ਯੋਜਨਾਵਾਂ ਤਹਿਤ ਹਨ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਰ ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਕਿ ਰਕਮ ਨਿੱਜੀ ਕੰਪਨੀਆਂ ਅਤੇ ਤੀਜੇ ਪੱਖ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ। ਇਨ੍ਹਾਂ ਵਿੱਚ ਮੁਲਜ਼ਮਾਂ ਦੇ ਕਰੀਬੀਆਂ ਦੇ ਖਾਤੇ ਵੀ ਸ਼ਾਮਲ ਹਨ। ਇੱਥੋਂ ਤੱਕ ਕਿ ਕੁਝ ਰਕਮ ਰਿਭਵ ਰਿਸ਼ੀ ਦੀ ਪਤਨੀ ਦੇ ਖਾਤੇ ਵਿੱਚ ਵੀ ਟਰਾਂਸਫਰ ਕੀਤੀ ਗਈ, ਜਿਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਜਨਵਰੀ-ਫਰਵਰੀ 2025 ਵਿੱਚ ਜਦੋਂ ਪਤੀ-ਪਤਨੀ ਨੇ ਆਪਣੇ ਖਾਤੇ ਵਿੱਚੋਂ 1 ਕਰੋੜ ਰੁਪਏ ਯੂਕੇ ਟਰਾਂਸਫਰ ਕਰਨ ਲਈ ਕਿਹਾ ਤਾਂ ਮੁਲਜ਼ਮਾਂ ਵੱਲੋਂ ਲਗਾਤਾਰ ਟਾਲ-ਮਟੋਲ ਕੀਤੀ ਗਈ। ਮਈ 2025 ਤੱਕ ਉਨ੍ਹਾਂ ਨੂੰ ਝੂਠੇ ਭਰੋਸੇ ਦਿੱਤੇ ਜਾਂਦੇ ਰਹੇ। ਇਸ ਤੋਂ ਬਾਅਦ ਫਰਵਰੀ 2026 ਵਿੱਚ ਪਤੀ-ਪਤਨੀ ਨੂੰ ਬੈਂਕ ਵੱਲੋਂ ਈਮੇਲ ਮਿਲੀ ਕਿ ਉਨ੍ਹਾਂ ਦੇ ਖਾਤੇ ’ਤੇ 2.50 ਕਰੋੜ ਰੁਪਏ ਦਾ ਲੀਨ ਮਾਰਕ ਕਰ ਦਿੱਤਾ ਗਿਆ ਹੈ ਅਤੇ ਬਾਅਦ ਵਿੱਚ ਖਾਤਾ ਪੂਰੀ ਤਰ੍ਹਾਂ ਫ੍ਰੀਜ਼ ਕਰ ਦਿੱਤਾ ਗਿਆ। ਨਾਲ ਹੀ 10 ਲੱਖ ਰੁਪਏ ਤੋਂ ਵੱਧ ਦੀ ਵਾਧੂ ਰਕਮ ਵੀ ਲੀਨ ਵਿੱਚ ਸ਼ਾਮਲ ਕਰ ਦਿੱਤੀ ਗਈ। ਵੱਡੇ ਘੋਟਾਲੇ ਦੇ ਖੁਲਾਸੇ ਤੋਂ ਬਾਅਦ ਸਾਹਮਣੇ ਆਇਆ ਮਾਮਲਾ : ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੀਡੀਆ ਰਿਪੋਰਟਾਂ ਰਾਹੀਂ ਉਨ੍ਹਾਂ ਨੂੰ ਕਰੀਬ 2,590 ਕਰੋੜ ਰੁਪਏ ਦੇ ਵੱਡੇ ਬੈਂਕਿੰਗ ਘੋਟਾਲੇ ਬਾਰੇ ਜਾਣਕਾਰੀ ਮਿਲੀ, ਜਿਸ ਵਿੱਚ ਰਿਭਵ ਰਿਸ਼ੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਖਾਤਿਆਂ ਦੀ ਜਾਂਚ ਕਰਵਾਈ, ਜਿਸ ਵਿੱਚ ਫਰਜ਼ੀ ਲੈਣ-ਦੇਣ ਅਤੇ ਸ਼ੱਕੀ ਟਰਾਂਸਫਰ ਦਾ ਖੁਲਾਸਾ ਹੋਇਆ। ਪਹਿਲਾਂ ਹੀ ਹੋ ਚੁੱਕੀ ਹੈ ਗ੍ਰਿਫ਼ਤਾਰੀ : ਗੌਰਤਲਬ ਹੈ ਕਿ ਫਰਵਰੀ 2026 ਵਿੱਚ ਹਰਿਆਣਾ ਰਾਜ ਚੌਕਸੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਬਿਊਰੋ ਨੇ ਰਿਭਵ ਰਿਸ਼ੀ ਨੂੰ ਇਸ ਵੱਡੇ ਬੈਂਕ ਘੋਟਾਲੇ ਦਾ ਮਾਸਟਰਮਾਈਂਡ ਮੰਨਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਉਸ ਦੀ ਪਤਨੀ ਸਵਾਤੀ ਸਿੰਗਲਾ ਅਤੇ ਸਾਲਾ ਅਭਿਸ਼ੇਕ ਸਿੰਗਲਾ ਸਮੇਤ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਮੁਲਜ਼ਮਾਂ ਨੇ ਫਰਜ਼ੀ ਕੰਪਨੀਆਂ ਬਣਾ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਪੈਸਾ ਟਰਾਂਸਫਰ ਕੀਤਾ ਅਤੇ ਵੱਡੇ ਪੱਧਰ ’ਤੇ ਵਿੱਤੀ ਹੇਰਾਫੇਰੀ ਕੀਤੀ। ਸੈਕਟਰ-17 ਥਾਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਧੋਖਾਧੜੀ, ਅਪਰਾਧਿਕ ਵਿਸ਼ਵਾਸਘਾਤ, ਜਾਲਸਾਜ਼ੀ ਅਤੇ ਸਾਜ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।