ਪੀਯੂ ਦੇ 73ਵੇਂ ਕਨਵੋਕੇਸ਼ਨ ਸਮਾਰੋਹ ਵਿਚ ਸਨਮਾਨ ਅਤੇ ਉਪਲੱਬਧੀਆਂ ਦਾ ਜਸ਼ਨ
ਪੀਯੂ ਦੇ 73ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸਨਮਾਨ ਅਤੇ ਉਪਲਬਧੀਆਂ ਦਾ ਜਸ਼ਨ
Publish Date: Sat, 13 Dec 2025 07:11 PM (IST)
Updated Date: Sat, 13 Dec 2025 07:12 PM (IST)

ਸਨਮਾਨ ਵਿਅਕਤੀ ਦਾ ਨਹੀਂ, ਉਸਦੇ ਕੰਮ ਦਾ ਹੁੰਦਾ ਹੈ : ਗੁਲਾਬ ਚੰਦ ਕਟਾਰੀਆ ਤਰੁਣ ਭਜਨੀ, ਪੰਜਾਬੀ ਜਾਗਰਣ,ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ 73ਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ ਸ਼ਨੀਵਾਰ ਨੂੰ ਡਿਗਰੀਆਂ ਪ੍ਰਾਪਤ ਕਰਦੇ ਹੀ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਉਪਲੱਬਧੀ ਦੀ ਚਮਕ ਸਾਫ਼ ਨਜ਼ਰ ਆਈ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਨਮਾਨ ਕਿਸੇ ਵਿਅਕਤੀ ਦਾ ਨਹੀਂ, ਸਗੋਂ ਉਸਦੇ ਕੰਮ ਅਤੇ ਯੋਗਦਾਨ ਦਾ ਹੁੰਦਾ ਹੈ। ਸਮਾਜ ਅਤੇ ਦੇਸ਼ ਲਈ ਕੰਮ ਕਰਨ ਵਾਲੇ ਵੱਧ ਤੋਂ ਵੱਧ ਲੋਕਾਂ ਨੂੰ ਪਛਾਣ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਰਾਜਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਵਿਕਾਸ ਯਾਤਰਾ ਤੱਕ ਪੰਜਾਬ ਯੂਨੀਵਰਸਿਟੀ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕ੍ਰਿਕਟਰ ਕਪਿਲ ਦੇਵ, ਓਲੰਪਿਕ ਸੋਨੇ ਦੇ ਤਮਗਾ ਜੇਤੂ ਨੀਰਜ ਚੋਪੜਾ, ਅਭਿਨੇਤਾ ਅਨੁਪਮ ਖੇਰ ਸਮੇਤ ਯੂਨੀਵਰਸਿਟੀ ਨਾਲ ਜੁੜੇ ਕਈ ਪ੍ਰਸਿੱਧ ਨਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੀਯੂ ਨੇ ਹਰ ਖੇਤਰ ਵਿੱਚ ਦੇਸ਼ ਨੂੰ ਅਗਵਾਈ ਦੇਣ ਵਾਲੀਆਂ ਪ੍ਰਤਿਭਾਵਾਂ ਦਿੱਤੀਆਂ ਹਨ। ਸਮਾਰੋਹ ਵਿੱਚ 347 ਖੋਜਾਰਥੀਆਂ ਨੂੰ ਪੀਐਚਡੀ ਸਮੇਤ ਕੁੱਲ 767 ਵਿਦਿਆਰਥੀਆਂ ਨੂੰ ਸਨਾਤਕ ਅਤੇ ਪੋਸਟ ਸਨਾਤਕ ਉਪਾਧੀਆਂ ਪ੍ਰਦਾਨ ਕੀਤੀਆਂ ਗਈਆਂ। ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਵੀਡੀਓ ਸੰਦੇਸ਼ ਰਾਹੀਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ 143 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੀਯੂ ਨੇ ਪ੍ਰਧਾਨ ਮੰਤਰੀ, ਰਾਜਪਾਲ, ਚੀਫ ਜਸਟਿਸ , ਸੰਸਦ ਮੈਂਬਰ, ਵਿਗਿਆਨੀ ਅਤੇ ਖਿਡਾਰੀ ਵਰਗੇ ਕਈ ਪ੍ਰਸਿੱਧ ਵਿਅਕਤੀ ਦਿੱਤੇ ਹਨ। ਕੁਲਪਤੀ ਪ੍ਰੋ. ਰੇਣੁ ਵਿਜ ਨੇ ਪੀਯੂ ਦੀਆਂ ਖੋਜ ਉਪਲਬਧੀਆਂ, ਪੇਟੈਂਟ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਵਿੱਚ ਪ੍ਰੋ. ਕੇ.ਐਨ. ਪਾਠਕ, ਵਿਜੈ ਪੀ. ਭਾਟਕਰ ਅਤੇ ਸਾਬਕਾ ਜਸਟਿਸ ਆਦਰਸ਼ ਕੁਮਾਰ ਗੋਇਲ ਨੂੰ ਮਾਨਦ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਪ੍ਰੋ. ਪ੍ਰਦੀਪ ਥਲੱਪਿਲ ਨੂੰ ਪੀਯੂ ਵਿਗਿਆਨ ਰਤਨ, ਸਰਬਜੋਤ ਸਿੰਘ ਨੂੰ ਖੇਡ ਰਤਨ ਅਤੇ ਅਮਰਜੀਤ ਗਰੇਵਾਲ ਨੂੰ ਸਾਹਿਤ ਰਤਨ ਸਨਮਾਨ ਨਾਲ ਨਵਾਜਿਆ ਗਿਆ।