ਮੱਖਣ ਮਾਜਰਾ ’ਚ ਕਬਾੜੀ ਦੀ ਦੁਕਾਨ ਨੂੰ ਲੱਗੀ ਅੱਗ, ਡੇਢ ਘੰਟੇ ’ਚ ਕਾਬੂ
ਮੱਖਣ ਮਾਜਰਾ ’ਚ ਕਬਾੜੀ ਦੀ ਦੁਕਾਨ ਨੂੰ ਲੱਗੀ ਅੱਗ, ਡੇਢ ਘੰਟੇ ’ਚ ਕਾਬੂ
Publish Date: Sat, 08 Nov 2025 07:27 PM (IST)
Updated Date: Sat, 08 Nov 2025 07:28 PM (IST)

ਫਾਇਰ ਵਿਭਾਗ ਦੀ ਫੁਰਤੀ ਨਾਲ ਵੱਡਾ ਹਾਦਸਾ ਟਲਿਆ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਮੱਖਣ ਮਾਜਰਾ ਸਥਿਤ ਕਬਾੜੀ ਮਾਰਕੀਟ ਵਿੱਚ ਸ਼ਨੀਵਾਰ ਦੁਪਹਿਰ ਇੱਕ ਕਬਾੜੀ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ। ਜਾਣਕਾਰੀ ਮੁਤਾਬਕ, ਅੱਗ ਦੁਪਹਿਰ ਲਗਭਗ 12 ਵਜੇ ਜੰਗਲ ਦੇ ਨੇੜੇ ਬਣੀ ਇੱਕ ਕਬਾੜੀ ਦੀ ਦੁਕਾਨ ਵਿੱਚ ਲੱਗੀ। ਦੁਕਾਨ ਵਿੱਚ ਫੋਮ, ਪੁਰਾਣੇ ਗੱਦੇ ਅਤੇ ਪਲਾਸਟਿਕ ਦਾ ਸਮਾਨ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਆਸਮਾਨ ਵਿੱਚ ਕਾਲਾ ਧੂੰਆ ਛਾ ਗਿਆ। ਇੰਡਸਟਰੀਅਲ ਏਰੀਆ ਫਾਇਰ ਸਟੇਸ਼ਨ ਦੇ ਫਾਇਰ ਅਫਸਰ ਗੁਲਸ਼ਨ ਗਾਬਾ ਨੇ ਦੱਸਿਆ ਕਿ ਜੇ ਅੱਗ ’ਤੇ ਸਮੇਂ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਅੱਗ ਨੇੜੇ ਦੀਆਂ ਹੋਰ ਦੁਕਾਨਾਂ ਵਿੱਚ ਵੀ ਫੈਲ ਸਕਦੀ ਸੀ, ਜਿਸ ਨਾਲ ਵੱਡੇ ਨੁਕਸਾਨ ਦੀ ਸੰਭਾਵਨਾ ਸੀ। ਗੌਰਤਲਬ ਹੈ ਕਿ ਇਸੇ ਇਲਾਕੇ ਵਿੱਚ 1 ਅਕਤੂਬਰ ਨੂੰ ਵੀ ਇੱਕ ਕਾਰਾਂ ਦੇ ਯਾਰਡ ਵਿੱਚ ਅੱਗ ਲੱਗੀ ਸੀ, ਜਿਸ ਵਿੱਚ ਲਗਜ਼ਰੀ ਕਾਰਾਂ ਸੜ ਕੇ ਰਾਖ ਹੋ ਗਈਆਂ ਸਨ। ਸੂਤਰਾਂ ਅਨੁਸਾਰ, ਇਹ ਦੁਕਾਨ ਉਮੇਸ਼ ਨਾਮਕ ਵਿਅਕਤੀ ਦੀ ਹੈ, ਜੋ ਬਿਹਾਰ ਦੇ ਮੁਜ਼ਫ਼ਫ਼ਰਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਬਿਹਾਰ ਗਿਆ ਹੋਇਆ ਹੈ। ਉਸ ਨੇ ਦੁਕਾਨ ਦੀ ਦੇਖਭਾਲ ਨੇੜੇ ਰਹਿਣ ਵਾਲੇ ਸਨੀ ਅਤੇ ਉਸ ਦੀ ਪਤਨੀ ਕਵਿਤਾ ਨੂੰ ਸੌਂਪੀ ਹੋਈ ਸੀ, ਪਰ ਘਟਨਾ ਦੇ ਸਮੇਂ ਦੋਵੇਂ ਬਾਹਰ ਸਨ। ਅੱਗ ਕਾਰਨ ਉੱਠਿਆ ਕਾਲਾ ਧੂੰਆ ਦੂਰ-ਦੂਰ ਤੱਕ ਨਜ਼ਰ ਆਇਆ, ਜਿਸ ਨਾਲ ਆਸਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਵੀ ਚਿੰਤਾ ਰਹੀ। ਫਾਇਰ ਵਿਭਾਗ ਦੀ ਫੁਰਤੀ ਨਾਲ ਅੱਗ ’ਤੇ ਕਾਬੂ ਪੈਣ ’ਤੇ ਲੋਕਾਂ ਨੇ ਰਾਹਤ ਦੀ ਸਾਹ ਲਈ।