ਨਵਾਂ ਸਿਆਸੀ ਗਠਜੋੜ ਹਰ ਵਰਗ ਨੂੰ ਨਾਲ ਲੈ ਕੇ ਚੱਲੇਗਾ : ਇਆਲੀ
ਨਵਾਂ ਸਿਆਸੀ ਗਠਜੋੜ ਹਰ ਵਰਗ ਨੂੰ ਨਾਲ ਲੈ ਕੇ ਚੱਲੇਗਾ : ਇਆਲੀ,
Publish Date: Mon, 04 May 2026 10:06 PM (IST)
Updated Date: Mon, 04 May 2026 10:08 PM (IST)
- ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਪਲੇਠੀ ਬੈਠਕ
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਪਲੇਠੀ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਦੀ ਅਗਵਾਈ ਹੇਠ ਪਿੰਡ ਦੱਪਰ ਵਿਖੇ ਹੋਈ, ਜਿਸ ਵਿਚ ਦੋਵੇਂ ਪਾਰਟੀਆਂ ਦੇ ਗੱਠਜੋੜ ਦੇ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਗੱਠਜੋੜ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੀ ਗੱਲ ਕਰਦਾ ਹੈ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਸੱਦਾ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਦਾ ਮੁੱਖ ਏਜੰਡਾ ਪੰਜਾਬ ਦੇ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਹੈ। ਇਆਲੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਪੰਜਾਬੀਆਂ ਨੇ 90 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆ ਹਨ, ਪਰ ਸਰਕਾਰਾਂ ਦੀ ਮਾੜੀ ਸੋਚ ਸਦਕਾ ਅੱਜ ਪੰਜਾਬੀਆਂ ਨੂੰ ਹੀ ਕੁਰਬਾਨੀਆਂ ਦੇਣ ਦਾ ਇਨਾਮ ਐੱਨਐੱਸਏ ਲਗਾ ਕੇ ਜੇਲ੍ਹਾ ਵਿਚ ਡੱਕਿਆ ਜਾ ਰਿਹਾ ਹੈ। ਇਸ ਮੌਕੇ ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਹਰ ਨੌਜਵਾਨ ਨੂੰ ਪਾਰਟੀ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਪਾਰਟੀ ਹਰ ਪੰਜਾਬੀ ਦੀ ਆਪਣੀ ਪਾਰਟੀ ਹੈ, ਜਿਸ ਵਿਚ ਸਿੱਖਾਂ ਦੇ ਨਾਲ-ਨਾਲ ਹਰ ਹਿੰਦੂ, ਮੁਸਲਮਾਨ ਤੇ ਈਸਾਈ ਭਰਾ ਜੁੜ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦਾ ਹੈ। ਇਸ ਮੌਕੇ ਗੱਠਜੋੜ ਦੀ ਸਮੁੱਚੀ ਟੀਮ ਹਾਜ਼ਰ ਸਨ।