ਵਧੇਰੇ ਪੈਦਾਵਾਰ ਲਈ ਗੰਨੇ ਦੀ ਫ਼ਸਲ ਵਿਚ ਸੰਤੁਲਿਤ ਰੂਪ ਵਿਚ ਖਾਦਾਂ ਵਰਤਣ ਦੀ ਲੋੜ

ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਗੰਨੇ ਦੀ ਫ਼ਸਲ ਇਕ ਲੰਮੇ ਸਮੇਂ ਦੀ ਅਤੇ ਭਾਰੀ ਖੁਰਾਕ ਦੀ ਵਰਤੋਂ ਕਰਨ ਵਾਲੀ ਫ਼ਸਲ ਹੈ। ਤੰਦਰੁਸਤ ਫ਼ਸਲ, ਵਧੇਰੇ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਲੈਣ ਲਈ ਖਾਦਾਂ ਦੀ ਸਹੀ ਅਤੇ ਸੰਤੁਲਿਤ ਵਰਤੋਂ ਕਰਨ ਦੀ ਜ਼ਰੂਰਤ ਹੈ। ਗੰਨੇ ਦੀ ਫ਼ਸਲ ਵਿਚ ਸੰਤੁਲਿਤ ਖਾਦਾਂ ਦੀ ਵਰਤੋਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗੰਨੇ ਦੀ ਫ਼ਸਲ ਵਿਚ ਸਹੀ ਮਾਤਰਾ ਵਿਚ ਖਾਦਾਂ ਨੂੰ ਸਹੀ ਸਮੇਂ ਵਰਤਣ ਨਾਲ ਮੋਟੇ, ਲੰਬੇ ਗੰਨੇ ਪੈਦਾ ਹੋਣ ਕਾਰਨ ਵਧੇਰੇ ਖੰਡ ਦੀ ਰਿਕਵਰੀ, ਪੈਦਾਵਾਰ ਅਤੇ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਨੂੰ ਮੁੱਖ ਤੌਰ ’ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਾਈਟ੍ਰੋਜਨ ਫ਼ਸਲ ਦੇ ਤੇਜ਼ ਵਾਧੇ, ਹਰੇ ਪੱਤਿਆਂ ਅਤੇ ਵਧੇਰੇ ਸ਼ਾਖਾਵਾਂ ਬਣਨ ਵਿਚ ਮਦਦ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਯੂਰੀਆ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਆਮ ਕਰ ਕੇ ਗੰਨਾ ਕਾਸ਼ਤਕਾਰ ਗੰਨੇ ਦੀ ਫ਼ਸਲ ਨੂੰ ਸਿਫ਼ਾਰਸ਼ਾਂ ਤੋਂ ਜ਼ਿਆਦਾ ਯੂਰੀਆ ਦੀ ਵਰਤੋਂ ਕਰਦੇ ਹਨ, ਜਿਸ ਨਾਲ ਫ਼ਸਲ ਉੱਪਰ ਕੀੜਿਆਂ, ਬਿਮਾਰੀਆਂ ਦਾ ਪ੍ਰਕੋਪ ਵਧਦਾ ਹੈ ਅਤੇ ਫ਼ਸਲ ਵੀ ਡਿੱਗਦੀ ਹੈ। ਇਸ ਦੇ ਨਾਲ ਹੀ ਗੰਨੇ ਦਾ ਭਾਰ ਘਟਦਾ ਹੈ ਅਤੇ ਖੰਡ ਦੀ ਰਿਕਵਰੀ ਵੀ ਘਟਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨੁਕਸਾਨ ਤੋਂ ਬਚਣ ਲਈ ਯੂਰੀਆ ਦੀ ਵਰਤੋਂ ਕਿਸ਼ਤਾਂ ਵਿਚ ਕਰਨੀ ਚਾਹੀਦੀ ਹੈ ਅਤੇ ਬੀਜੜ ਫ਼ਸਲ ਨੂੰ 130 ਕਿੱਲੋ ਅਤੇ ਮੂਢੀ ਫ਼ਸਲ ਨੂੰ 195 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।