ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਹੀਨਾਵਾਰ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ-69 ਮੁਹਾਲੀ ਵਿਖੇ ਡਾ. ਪੰਨਾ ਲਾਲ ਮੁਸਤਫ਼ਾਬਾਦੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਏਜੰਡੇ ਮੁਤਾਬਿਕ ‘ਹਾਈਕਿੰਗ ਅਤੇ ਟ੍ਰੈਕਿੰਗ’ ਵਿਸ਼ੇ ’ਤੇ ਡਾ. ਸਵੈਰਾਜ ਸੰਧੂ ਦਾ ਵਿਖਿਆਨ ਸੀ। ਉਨ੍ਹਾਂ ਨੇ ਬਹੁਤ ਵਿਸਥਾਰ ਨਾਲ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਸਵੈਰਾਜ ਸੰਧੂ ਖ਼ੁਦ ਇਕ ਪੁਰਾਣੇ ਟ੍ਰੈਕਰ ਰਹੇ ਹਨ ਅਤੇ ਅੱਜ ਵਡੇਰੀ ਉਮਰ ਵਿਚ ਵੀ ਉਹ ਪਿਛਲੇ ਦਿਨੀਂ ਧਰਮਸ਼ਾਲਾ ਤੋਂ ਉਤਾਂਹ ਕਰੇਰੀ ਲੇਕ ਟ੍ਰੈਕ, ਜੋ ਤਕਰੀਬਨ 22 ਕਿਲੋਮੀਟਰ ਦਾ ਹੈ, ਦੋਸਤਾਂ ਨਾਲ ਸਰ ਕਰਕੇ ਪਰਤੇ ਹਨ। ਉਨ੍ਹਾਂ ਨੇ ਟ੍ਰੈਕਿੰਗ ਦੀਆਂ ਬੁਨਿਆਦੀ ਲੋੜਾਂ, ਪਹਿਲਾਂ ਦੀ ਤਿਆਰੀ, ਟ੍ਰੈਕਿੰਗ ਦੌਰਾਨ ਖਾਧੀ ਜਾਣ ਵਾਲੀ ਖੁਰਾਕ ਆਦਿ ਅਤੇ ਟ੍ਰੈਕਿੰਗ ਦਾ ਜਨ-ਜੀਵਨ ਵਿਚ ਮਹੱਤਵ, ਕਰੇਰੀ ਲੇਕ ਦੇ ਆਪਣੇ ਤਜਰਬੇ ਰਾਹੀਂ ਸਾਂਝਾ ਕੀਤਾ ਅਤੇ ਦਰਸ਼ਕਾਂ-ਸਰੋਤਿਆਂ ਦੇ ਦਿਲਚਸਪ ਸਵਾਲਾਂ ਦੇ ਉੱਤਰ ਵੀ ਦਿੱਤੇ। ਦੂਜੇ ਦੌਰ ਵਿਚ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਦਾ ਫ਼ੌਜੀ ਅਦਾਰਿਆਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਹਟਾ ਕੇ ਸੰਸਕ੍ਰਿਤ ਥੋਪਣ ਉੱਪਰ ਤੱਥਾਂ ਭਰਿਆ ਲੈਕਚਰ ਸੀ। 22 ਮਈ ਨੂੰ ਸੈਕਟਰ 17 ਵਿਚ ਪੰਜਾਬੀ ਪਿਆਰਿਆਂ ਨੇ ਇਸ ਵਿਰੁੱਧ ਵੱਡਾ ਧਰਨਾ ਵੀ ਲਾਇਆ ਸੀ, ਜਿਸ ਵਿਚ 1200-1500 ਸਾਹਿਤਕਾਰਾਂ, ਵਿਦਵਾਨਾਂ ਆਦਿ ਨੇ ਹਿੱਸਾ ਲੈ ਕੇ ਰੋਸ ਪ੍ਰਗਟਾਇਆ ਸੀ।
ਬੁਲਾਰਿਆਂ ਦਾ ਕਹਿਣਾ ਸੀ ਕਿ ਕੇਂਦਰ ਦੀ ਸ਼ਹਿ ’ਤੇ ਇਹ ਅਦਾਰੇ ਪੰਜਾਬ ਦੀ ਮਿੱਟੀ ਦਾ ਖਾਂਦੇ ਹਨ ਤੇ ਜੁਗਾਲੀ ਹਿੰਦੀ ਅਤੇ ਸੰਸਕ੍ਰਿਤ ਦੀ ਕਰਦੇ ਹਨ। ਪੰਜਾਬ ਸਰਕਾਰ ਵਾਸਤੇ ਸ਼ਾਇਦ ਇਹ ਕੋਈ ਵਿਸ਼ੇਸ਼ ਮੁੱਦਾ ਨਹੀਂ ਹੈ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਕੁਦਰਤ ਦੀਆਂ ਕਵਿਤਾਵਾਂ ਲਿਖਣ ਵਿਚ ਰੁੱਝੇ ਹੋਏ ਹਨ। ਇਸ ਵਿਸ਼ੇ ’ਤੇ ਬਲਕਾਰ ਸਿੱਧੂ, ਡਾ. ਨਿਰਮਲ ਸਿੰਘ ਬਾਸੀ ਅਤੇ ਕਵਲਨੈਨ ਸਿੰਘ ਸੇਖੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤੀਜੇ ਦੌਰ ਵਿਚ ਕਵੀ ਦਰਬਾਰ ਹੋਇਆ, ਜਿਸ ਵਿਚ ਹਰਿੰਦਰ ਹਰ, ਭੁਪਿੰਦਰ ਸਿੰਘ ਮਟੌਰਵਾਲਾ, ਮਹਿੰਦਰ ਸਿੰਘ ਗੋਸਲ, ਸਰਬਜੀਤ ਸਿੰਘ ਪੱਡਾ, ਮਲਕੀਅਤ ਸਿੰਘ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਪੰਨਾ ਲਾਲ ਮੁਸਤਫ਼ਾਬਾਦੀ, ਬਲਕਾਰ ਸਿੱਧੂ, ਰਤਨ ਬਾਬਕਵਾਲਾ ਅਤੇ ਇੰਦਰਜੀਤ ਸਿੰਘ ਜਾਵਾ ਨੇ ਸ਼ਿਰਕਤ ਕੀਤੀ। ਆਖ਼ਿਰ ਵਿਚ ਪ੍ਰਧਾਨਗੀ ਭਾਸ਼ਣ ਵਿਚ ਡਾ. ਪੰਨਾ ਲਾਲ ਮੁਸਤਫ਼ਾਬਾਦੀ, ਜੋ ਵਾਸਤਵ ਵਿਚ ਸਰੀਰਕ ਸਿੱਖਿਆ ਦੇ ਲੈਕਚਰਾਰ ਰਹੇ ਹਨ, ਨੇ ਟ੍ਰੈਕਿੰਗ ਤੇ ਹਾਈਕਿੰਗ ਉੱਪਰ ਬਹੁਤ ਵਿਸਥਾਰ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਖ਼ੁਦ ਟ੍ਰੈਕਿੰਗ ਕੋਚ ਹੋਣ ਕਰਕੇ ਉਨ੍ਹਾਂ ਦਾ ਅਨੁਭਵ ਠੋਸ ’ਤੇ ਸਟੀਕ ਸੀ। ਪੰਜਾਬੀ ਮਾਂ-ਬੋਲੀ ਦੀ ਹੋ ਰਹੀ ਦੁਰਗਤੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਹਾਜ਼ਰ ਕਵੀਆਂ ਨੂੰ ਉਨ੍ਹਾਂ ਦੀ ਕਾਵਿ-ਘਾਲਣਾ ’ਤੇ ਵਧਾਈ ਦਿੱਤੀ ਅਤੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।