- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਾਰ ਦੀਆਂ ਚੋਣਾਂ ਵਿਚ ਸਭ ਤੋਂ ਵੱਡੀ ਚੁਣੌਤੀ ਵਾਰਡਬੰਦੀ ਦੇ ਨਵੇਂ ਨਕਸ਼ੇ ਨੇ ਖੜ੍ਹੀ ਕੀਤੀ ਹੈ। ਹਾਲਾਂਕਿ ਵਾਰਡਾਂ ਦੀ ਕੁੱਲ ਗਿਣਤੀ ਪਹਿਲਾਂ ਵਾਂਗ 50 ਹੀ ਰੱਖੀ ਗਈ ਹੈ, ਪਰ ਨਗਰ ਨਿਗਮ ਦੀਆਂ ਹੱਦਾਂ ਵਿਚ ਹੋਏ ਵੱਡੇ ਵਾਧੇ ਕਾਰਨ ਕਈ ਨਵੇਂ ਖੇਤਰ ਜਿਵੇਂ ਕਿ ਐਰੋਸਿਟੀ, ਆਈਟੀ ਸਿਟੀ, ਸੈਕਟਰ 81-82, ਟੀ.ਡੀ.ਆਈ. ਸਿਟੀ ਅਤੇ ਕਈ ਨੇੜਲੇ ਪਿੰਡਾਂ (ਬਲੌਂਗੀ, ਬਡ਼ਮਾਜਰਾ ਆਦਿ) ਨੂੰ ਸ਼ਾਮਲ ਕੀਤਾ ਗਿਆ ਹੈ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼ਹਿਰ ਦਾ ਸਿਆਸੀ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਹਾਲ ਹੀ ’ਚ ਨਵੀਂ ਵਾਰਡਬੰਦੀ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਜਿੱਥੇ ਚੋਣ ਲੜਨ ਦੇ ਚਾਹਵਾਨ ਆਗੂਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਉੱਥੇ ਹੀ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ ਆਪਣੀ ਕਵਾਇਦ ਸ਼ੁਰੂ ਕਰ ਦਿੱਤੀ ਹੈ।
50 ਵਾਰਡਾਂ ’ਚ ਹੋਵੇਗਾ ਮੁਕਾਬਲਾ : ਨਵੇਂ ਖੇਤਰ ਬਣਨਗੇ ਗੇਮ-ਚੇਂਜਰ
ਇਸ ਵਾਰ ਦੀਆਂ ਚੋਣਾਂ ਵਿਚ ਸਭ ਤੋਂ ਵੱਡੀ ਚੁਣੌਤੀ ਵਾਰਡਬੰਦੀ ਦੇ ਨਵੇਂ ਨਕਸ਼ੇ ਨੇ ਖੜ੍ਹੀ ਕੀਤੀ ਹੈ। ਹਾਲਾਂਕਿ ਵਾਰਡਾਂ ਦੀ ਕੁੱਲ ਗਿਣਤੀ ਪਹਿਲਾਂ ਵਾਂਗ 50 ਹੀ ਰੱਖੀ ਗਈ ਹੈ, ਪਰ ਨਗਰ ਨਿਗਮ ਦੀਆਂ ਹੱਦਾਂ ਵਿਚ ਹੋਏ ਵੱਡੇ ਵਾਧੇ ਕਾਰਨ ਕਈ ਨਵੇਂ ਖੇਤਰ ਜਿਵੇਂ ਕਿ ਐਰੋਸਿਟੀ, ਆਈਟੀ ਸਿਟੀ, ਸੈਕਟਰ 81-82, ਟੀ.ਡੀ.ਆਈ. ਸਿਟੀ ਅਤੇ ਕਈ ਨੇੜਲੇ ਪਿੰਡਾਂ (ਬਲੌਂਗੀ, ਬਡ਼ਮਾਜਰਾ ਆਦਿ) ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਾਰਨ ਕਈ ਮੌਜੂਦਾ ਕੌਂਸਲਰਾਂ ਦੇ ਵਾਰਡਾਂ ਦਾ ਭੂਗੋਲਿਕ ਖੇਤਰ ਬਦਲ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਜਿੱਤ-ਹਾਰ ਦੇ ਸਮੀਕਰਨ ਵੀ ਪ੍ਰਭਾਵਿਤ ਹੋ ਸਕਦੇ ਹਨ।
ਪਾਰਟੀਆਂ ਲਈ 'ਬਾਗੀਆਂ' ਨੂੰ ਸੰਭਾਲਣ ਦੀ ਚੁਣੌਤੀ
ਸਿਆਸੀ ਮਾਹਿਰਾਂ ਅਨੁਸਾਰ, ਇਸ ਵਾਰ ਪਾਰਟੀਆਂ ਸਿਰਫ 'ਜਿੱਤਣ ਦੀ ਸਮਰੱਥਾ' ਰੱਖਣ ਵਾਲੇ ਚਿਹਰਿਆਂ 'ਤੇ ਹੀ ਦਾਅ ਲਗਾਉਣਗੀਆਂ।
ਕਾਂਗਰਸ: ਪਿਛਲੀ ਵਾਰ 37 ਸੀਟਾਂ ਜਿੱਤਣ ਵਾਲੀ ਕਾਂਗਰਸ ਲਈ ਆਪਣੇ ਕੁਨਬੇ ਨੂੰ ਬਚਾਉਣਾ ਵੱਡੀ ਚੁਣੌਤੀ ਹੈ। ਲਗਭਗ ਅੱਧੇ ਮੌਜੂਦਾ ਕੌਂਸਲਰਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਚਰਚਾ ਹੈ, ਜਿਸ ਕਾਰਨ ਕਈ ਆਗੂ ਆਜ਼ਾਦ ਜਾਂ ਦੂਜੀਆਂ ਪਾਰਟੀਆਂ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ।
ਆਮ ਆਦਮੀ ਪਾਰਟੀ: ਸੱਤਾਧਾਰੀ ਪਾਰਟੀ ਹੋਣ ਕਾਰਨ 'ਆਪ' ਵਿੱਚ ਦਾਅਵੇਦਾਰਾਂ ਦੀ ਲੰਬੀ ਲਾਈਨ ਹੈ। ਪਾਰਟੀ ਹਾਈਕਮਾਂਡ ਵੱਲੋਂ ਵਾਰਡ ਪੱਧਰ 'ਤੇ ਸਰਵੇ ਕਰਵਾ ਕੇ ਉਮੀਦਵਾਰ ਫਾਈਨਲ ਕੀਤੇ ਜਾ ਰਹੇ ਹਨ।
ਅਕਾਲੀ ਦਲ ਤੇ ਭਾਜਪਾ: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੁਹਾਣਾ ਆਪਣੀ ਟੀਮ ਨਾਲ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਮੀਟਿੰਗਾਂ ਕਰ ਰਹੇ ਹਨ। ਦੂਜੇ ਪਾਸੇ, ਭਾਜਪਾ ਚੁੱਪਚਾਪ ਬੂਥ ਪੱਧਰ 'ਤੇ ਆਪਣੇ ਵਰਕਰਾਂ ਨੂੰ ਲਾਮਬੰਦ ਕਰ ਰਹੀ ਹੈ।
ਨਾਮਜ਼ਦਗੀ ਲਈ ਦਸਤਾਵੇਜ਼ਾਂ ਦੀ ਤਿਆਰੀ
ਚੋਣ ਲੜਨ ਦੇ ਚਾਹਵਾਨਾਂ ਨੇ ਹੁਣ ਤੋਂ ਹੀ ਨਾਮਜ਼ਦਗੀ ਪੱਤਰਾਂ ਲਈ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਨੋ-ਡਿਊ ਸਰਟੀਫਿਕੇਟ, ਵੋਟਰ ਸੂਚੀ ਦੀਆਂ ਕਾਪੀਆਂ ਅਤੇ ਹੋਰ ਕਾਗਜ਼ਾਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਵੋਟਰਾਂ ਨੂੰ ਲੁਭਾਉਣ ਲਈ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਸੰਪਰਕ ਕਰਨ ਦਾ ਸਿਲਸਿਲਾ ਦਿਨ-ਰਾਤ ਜਾਰੀ ਹੈ।