ਲੀਡ----ਮੁਹਾਲੀ ਨਗਰ ਨਿਗਮ ਚੋਣਾਂ: ਜ਼ਿਲ੍ਹੇ ਵਿਚ 55.54 ਫ਼ੀਸਦੀ ਮਤਦਾਨ
ਮੁਹਾਲੀ ਨਗਰ ਨਿਗਮ ਚੋਣਾਂ: ਮੁਹਾਲੀ ਜ਼ਿਲ੍ਹੇ ਵਿਚ 55.54 ਫ਼ੀਸਦੀ ਮਤਦਾਨ, ਵੋਟਰਾਂ ’ਤੇ ਦਿਖਿਆ ਗਰਮੀ ਦਾ ਅਸਰ
Publish Date: Tue, 26 May 2026 10:29 PM (IST)
Updated Date: Wed, 27 May 2026 04:14 AM (IST)

ਵੋਟਰਾਂ ’ਤੇ ਦਿਖਿਆ ਗਰਮੀ ਦਾ ਅਸਰ, ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਹਿਰ ਵਿਚ ਪੂਰਅਮਨ-ਅਮਾਨ ਨਾਲ ਪਈਆਂ ਵੋਟਾਂ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਸਮੇਤ ਜ਼ਿਲ੍ਹੇ ਅੰਦਰ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਅਮਲ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪੂਰਨਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਉਂਜ ਕੁਝ ਥਾਵਾਂ ਤੇ ਮਾਮੂਲੀ ਝੜਪਾਂ ਅਤੇ ਬਹਿਸਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ ਪ੍ਰੰਤੂ ਪੁਲਿਸ ਦੀ ਮੂਸਤੈਦੀ ਕਾਰਨ ਵੱਡੇ ਟਕਰਾਅ ਤੋਂ ਬਚਾਅ ਰਿਹਾ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਸੁਰੱਖਿਆ ਇੰਤਜ਼ਾਮਾਂ ਦਾ ਮੋਰਚਾ ਖ਼ੁਦ ਸੰਭਾਲਿਆ ਹੋਇਆ ਸੀ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ, ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਅਤੇ ਹੋਰਨਾਂ ਅਧਿਕਾਰੀਆਂ ਨੇ ਵੀ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਮਤਦਾਨ ਪ੍ਰਕਿਰਿਆ ਦਾ ਜਾਇਜ਼ਾ ਲਿਆ। ਕੁਝ ਥਾਵਾਂ ਤੋਂ ਕਥਿਤ ਫ਼ਰਜ਼ੀ ਵੋਟਿੰਗ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਸਰਕਾਰ ’ਤੇ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਲਈ ਬੈਲਟ ਪੇਪਰਾਂ ਵਿਚ ਗੜਬੜੀਆਂ ਕਰਨ ਅਤੇ ਜਾਅਲੀ ਵੋਟਾਂ ਭੁਗਤਾਨ ਦੇ ਦੋਸ਼ ਲਾਏ ਗਏ। ਜਾਣਕਾਰੀ ਅਨੁਸਾਰ ਗਰਮੀ ਤੋਂ ਬਚਨ ਲਈ ਲੋਕ ਸਵੇਰੇ ਹੀ ਪੋਲਿੰਗ ਬੂਥਾਂ ’ਤੇ ਆਉਣੇ ਸ਼ੁਰੂ ਹੋ ਗਏ ਸੀ ਅਤੇ ਪਿੰਡ ਸੋਹਾਣਾ, ਬਲੌਂਗੀ, ਚੱਪੜਚਿੜੀ, ਮੁਹਾਲੀ ਪਿੰਡ, ਫੇਜ਼-3ਏ, ਫੇਜ਼-11 ਸਮੇਤ ਹੋਰਨਾਂ ਕਈ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਖ਼ਾਸ ਕਰਕੇ ਨੌਜਵਾਨਾਂ ਅਤੇ ਮਹਿਲਾ ਵੋਟਰਾਂ ਵਿਚ ਭਾਰੀ ਉਤਸ਼ਾਹ ਸੀ। ਕਈ ਨੌਜਵਾਨ ਮੁੰਡੇ ਅਤੇ ਕੁੜੀਆਂ ਪਹਿਲੀ ਵਾਰ ਵੋਟ ਪਾਉਣ ’ਤੇ ਕਾਫ਼ੀ ਉ਼ਤਸ਼ਾਹਤ ਨਜ਼ਰ ਆਏ ਪ੍ਰੰਤੂ ਜ਼ਿਆਦਾਤਰ ਪੋਲਿੰਗ ਬੂਥਾਂ ’ਤੇ ਅੱਤ ਦੀ ਗਰਮੀ ਦਾ ਅਸਰ ਦੇਖਣ ਨੂੰ ਮਿਲਿਆ ਹੈ। ਸ਼ਹਿਰੀ ਲੋਕ ਘੱਟ ਹੀ ਘਰਾਂ ’ਚੋਂ ਬਾਹਰ ਨਿਕਲੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿਚ ਕੁੱਲ 55.54 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਕੁੱਲ 480782 ਵੋਟਰ ਹਨ, ਜਿਨ੍ਹਾਂ ’ਚੋਂ 263031 ਨੇ ਵੋਟਾਂ ਪਾਈਆਂ। ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਇਸ ਵਾਰ ਉਮੀਦ ਨਾਲੋਂ ਘੱਟ ਕੁੱਲ 54.84 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ। ਘੱਟ ਮਤਦਾਨ ਲਈ ਅੱਤ ਦੀ ਗਰਮੀ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਗਰਮੀ ਤੇ ਲੂ ਵਿਚ ਸ਼ਹਿਰੀ ਲੋਕ ਘੱਟ ਹੀ ਘਰਾਂ ’ਚੋਂ ਬਾਹਰ ਨਿਕਲਦੇ ਹਨ। ਡੇਰਾਬੱਸੀ ਵਿਚ 57.09 ਫ਼ੀਸਦੀ, ਜ਼ੀਰਕਪੁਰ ਵਿਚ 48.27 ਫ਼ੀਸਦੀ, ਲਾਲੜੂ ਵਿਚ 69.34 ਫ਼ੀਸਦੀ, ਕੁਰਾਲੀ ਵਿਚ 64.27 ਫ਼ੀਸਦੀ, ਬਨੂੜ ਵਿਚ 72.86 ਫ਼ੀਸਦੀ, ਨਿਆਗਾਓਂ ਵਿਚ 58.25 ਫ਼ੀਸਦੀ ਮਤਦਾਨ ਹੋਇਆ। ਸਭ ਤੋਂ ਘੱਟ ਮਤਦਾਨ ਜ਼ੀਰਕਪੁਰ ਵਿਚ ਅਤੇ ਸਭ ਤੋਂ ਵੱਧ ਬਨੂੜ ਵਿਚ ਹੋਇਆ। ਦੇਰ ਸ਼ਾਮ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਸਬੰਧਤ ਉਮੀਦਵਾਰਾਂ ਅਤੇ ਅਧਿਕਾਰਤ ਏਜੰਟਾਂ ਦੀ ਹਾਜ਼ਰੀ ਵਿਚ ਬੈਲਟ ਬਕਸਿਆਂ ਨੂੰ ਸੀਲ ਕਰਕੇ ਸਖ਼ਤ ਸੁਰੱਖਿਆ ਹੇਠ ਅੱਠ ਸਟਰਾਂਗ ਰੂਮਾਂ ਵਿਚ ਪਹੁੰਚਾਇਆ ਗਿਆ। ਜਿਨ੍ਹਾਂ ’ਚੋਂ 2 ਮੁਹਾਲੀ ਸ਼ਹਿਰ ਵਿਚ ਹਨ। ਜਿੱਥੇ ਪਿਛਲੇ ਹਫ਼ਤੇ ਤੋਂ ਪਹਿਲਾਂ ਹੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਜਿੱਥੇ ਬੈਲਟ ਬਕਸੇ 24 ਘੰਟੇ ਸੀਸੀਟੀਵੀ ਕਮੈਰੇ ਅਤੇ ਭਾਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਰਹਿਣਗੇ। 29 ਮਈ ਨੂੰ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਬਾਕਸ : ਜਾਣਕਾਰੀ ਅਨੁਸਾਰ ਮਤਦਾਨ ਸਵੇਰੇ 8 ਵਜੇ ਸ਼ੁਰੂ ਹੋਇਆ। ਸਵੇਰੇ-ਸਵੇਰੇ ਵੋਟਰਾਂ ਦੀ ਰਫ਼ਤਾਰ ਕੁੱਝ ਮੱਠੀ ਰਹੀ। ਸਵੇਰੇ 10 ਵਜੇ ਤੱਕ ਮੁਹਾਲੀ ਦੇ ਵਾਰਡ ਨੰ. 1 ਤੋਂ 25 ਤੱਕ 13.18 ਫ਼ੀਸਦੀ ਅਤੇ ਵਾਰਡ ਨੰ. 26 ਤੋਂ 50 ਤੱਕ 13.9 ਫ਼ੀਸਦੀ ਵੋਟਾਂ ਪਈਆਂ। ਇਸ ਮਗਰੋਂ ਵੋਟਾਂ ਪੈਣ ਦੀ ਰਫ਼ਤਾਰ ਨੇ ਥੋੜ੍ਹੀ ਤੇਜ਼ੀ ਫੜੀ ਅਤੇ ਦੁਪਹਿਰ 12 ਵਜੇ ਤੱਕ 29.28 ਫ਼ੀਸਦੀ ਵੋਟਿੰਗ ਹੋਈ। ਦੁਪਹਿਰ ਸਮੇਂ ਦੁਬਾਰਾ ਮਤਦਾਨ ਦੀ ਰਫ਼ਤਾਰ ਵਿਚ ਮੁੜ ਠੰਢੀ ਪੈ ਗਈ। ਦੁਪਹਿਰ ਦੋ ਵਜੇ ਤੱਕ 39.14 ਫ਼ੀਸਦੀ ਅਤੇ 3 ਤੋਂ 4 ਵਜੇ ਤੱਕ 45 ਫ਼ੀਸਦੀ ਵੋਟਾਂ ਪਈਆਂ। ਬਾਕਸ : ਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ 227 ਉਮੀਦਵਾਰ ਚੋਣ ਮੈਦਾਨ ਵਿਚ ਮੁਹਾਲੀ ਜ਼ਿਲ੍ਹੇ ਵਿਚ ਲਗਭਗ 4.8 ਲੱਖ ਵੋਟਰ ਹਨ। (ਜਿਨ੍ਹਾਂ ਵਿਚ 2,48,415 ਪੁਰਸ਼ ਅਤੇ 2,32,340 ਮਹਿਲਾ ਵੋਟਰ ਸ਼ਾਮਲ ਹਨ)। ਇਕੱਲੇ ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ 227 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੂਰੇ ਜ਼ਿਲ੍ਹੇ ਵਿਚ ਕੁੱਲ 695 ਉਮੀਦਵਾਰ ਚੋਣ ਲੜ ਰਹੇ ਹਨ। ਮੁਹਾਲੀ ਸਮੇਤ ਪੂਰੇ ਜ਼ਿਲ੍ਹੇ ਅੰਦਰ 498 ਪੋਲਿੰਗ ਬੂਥ ਬਣਾਏ ਗਏ ਸਨ, ਜਿਨ੍ਹਾਂ ’ਚੋਂ 66 ਸੰਵੇਦਨਸ਼ੀਲ ਅਤੇ 181 ਅਤਿ-ਸੰਵੇਦਨਸ਼ੀਲ ਐਲਾਨੇ ਗਏ ਸਨ। ਜਿੱਥੇ ਪੁਲਿਸ ਦਾ ਸਖ਼ਤ ਪਹਿਰਾ ਰਿਹਾ ਅਤੇ ਇਨ੍ਹਾਂ ਥਾਵਾਂ ’ਤੇ ਸੀਵੀਟੀਵੀ ਕੈਮਰਿਆਂ ਤੋਂ ਇਲਾਵਾ ਮਤਦਾਨ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ ਹੈ।