ਮੋਬਾਈਲ ਬਣਿਆ ਬੰਬ: ਚਲਦੀ ਗੱਡੀ 'ਚ ਮੋਬਾਈਲ ਧਮਾਕਾ, ਖਰੜ ਫਲਾਈਓਵਰ 'ਤੇ ਟੈਕਸੀ ਹਾਦਸਾਗ੍ਰਸਤ, ਚਾਲਕ ਜ਼ਖ਼ਮੀ
ਹਾਦਸੇ ਵਿਚ ਜ਼ਖ਼ਮੀ ਹੋਏ ਟੈਕਸੀ ਚਾਲਕ ਦੀ ਪਛਾਣ ਸਿਰਸਾ ਨਿਵਾਸੀ ਅਮਨ ਵਜੋਂ ਹੋਈ ਹੈ, ਜੋ ਪਿਛਲੇ ਕੁੱਝ ਸਮੇਂ ਤੋਂ ਮੁਹਾਲੀ ਇਲਾਕੇ ਵਿਚ ਕੈਬ ਚਲਾ ਰਿਹਾ ਸੀ। ਚਸ਼ਮਦੀਦਾਂ ਅਨੁਸਾਰ, ਅਮਨ ਜਦੋਂ ਗੱਡੀ ਚਲਾ ਰਿਹਾ ਸੀ ਤਾਂ ਉਸ ਦੇ ਕੋਲ ਰੱਖੇ ਮੋਬਾਈਲ ਫੋਨ ਵਿਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਤੇਜ਼ ਆਵਾਜ਼ ਅਤੇ ਧੂੰਏਂ ਕਾਰਨ ਅਮਨ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਗੱਡੀ ਤੋਂ ਕੰਟਰੋਲ ਖੋਹ ਬੈਠਾ
Publish Date: Fri, 02 Jan 2026 11:00 AM (IST)
Updated Date: Fri, 02 Jan 2026 11:05 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਵੇਂ ਸਾਲ ਦੀ ਪੂਰਵ ਸੰਧਿਆ 'ਤੇ 31 ਦਸੰਬਰ ਦੀ ਰਾਤ ਨੂੰ ਖਰੜ ਫਲਾਈਓਵਰ 'ਤੇ ਇਕ ਰੂਹ ਕੰਬਾਊ ਹਾਦਸਾ ਵਾਪਰਿਆ। ਚਲਦੀ ਟੈਕਸੀ ਵਿਚ ਅਚਾਨਕ ਮੋਬਾਈਲ ਫੋਨ ਫਟਣ ਕਾਰਨ ਟੈਕਸੀ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਬੇਕਾਬੂ ਹੋਈ ਗੱਡੀ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਜਾ ਚੜ੍ਹੀ। ਇਸ ਧਮਾਕੇ ਅਤੇ ਹਾਦਸੇ ਕਾਰਨ ਮੌਕੇ 'ਤੇ ਹਫੜਾ-ਦਫੜੀ ਮਚ ਗਈ।
ਹਾਦਸੇ ਵਿਚ ਜ਼ਖ਼ਮੀ ਹੋਏ ਟੈਕਸੀ ਚਾਲਕ ਦੀ ਪਛਾਣ ਸਿਰਸਾ ਨਿਵਾਸੀ ਅਮਨ ਵਜੋਂ ਹੋਈ ਹੈ, ਜੋ ਪਿਛਲੇ ਕੁੱਝ ਸਮੇਂ ਤੋਂ ਮੁਹਾਲੀ ਇਲਾਕੇ ਵਿਚ ਕੈਬ ਚਲਾ ਰਿਹਾ ਸੀ। ਚਸ਼ਮਦੀਦਾਂ ਅਨੁਸਾਰ, ਅਮਨ ਜਦੋਂ ਗੱਡੀ ਚਲਾ ਰਿਹਾ ਸੀ ਤਾਂ ਉਸ ਦੇ ਕੋਲ ਰੱਖੇ ਮੋਬਾਈਲ ਫੋਨ ਵਿਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਤੇਜ਼ ਆਵਾਜ਼ ਅਤੇ ਧੂੰਏਂ ਕਾਰਨ ਅਮਨ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਗੱਡੀ ਤੋਂ ਕੰਟਰੋਲ ਖੋਹ ਬੈਠਾ।
ਟੈਕਸੀ ਸਿੱਧੀ ਡਿਵਾਈਡਰ ਨਾਲ ਟਕਰਾ ਕੇ ਉਸ ਦੇ ਉੱਪਰ ਚੜ੍ਹ ਗਈ, ਜਿਸ ਕਾਰਨ ਵਾਹਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹਾਦਸੇ ਵਿਚ ਅਮਨ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਜ਼ਖ਼ਮੀ ਚਾਲਕ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ, ਅਮਨ ਦੀ ਹਾਲਤ ਹੁਣ ਸਥਿਰ ਅਤੇ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਨੂੰ ਸੜਕ ਤੋਂ ਹਟਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਫੋਨ ਫਟਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।