ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਧਿਕਾਰੀਆਂ ਨਾਲ ਬੈਠਕ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅਧਿਕਾਰੀਆਂ ਨਾਲ ਬੈਠਕ
Publish Date: Mon, 15 Sep 2025 07:02 PM (IST)
Updated Date: Mon, 15 Sep 2025 07:02 PM (IST)
ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੋਮਵਾਰ ਨੂੰ ਰੈਸਟ ਹਾਊਸ ਮੁਬਾਰਕਪੁਰ ਵਿਚ ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਦੀ ਮੌਜੂਦਗੀ ਵਿਚ ਮੰਡੀ ਬੋਰਡ, ਮਾਈਨਿੰਗ ਅਤੇ ਡਰੇਨੇਜ਼ ਅਤੇ ਪੀਡਬਲਯੂਡੀ ਅਧਿਕਾਰੀਆਂ ਨਾਲ ਮਹੱਤਵਪੂਰਨ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹਦਾਇਤ ਕੀਤੀ ਕਿ ਹਾਲੀਆ ਮੀਂਹ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਜਿਹੜੀਆਂ ਸੜਕਾਂ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਉਨ੍ਹਾਂ ਦੇ ਨਿਰਮਾਣ ਵਿਚ ਕੋਈ ਵੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਹੜੀਆਂ ਸੜਕਾਂ ਦੀ ਮੁਰੰਮਤ ਲਈ ਮਨਜ਼ੂਰੀ ਲੈਣ ਦੀ ਲੋੜ ਹੈ, ਉਨ੍ਹਾਂ ਦੇ ਤੁਰੰਤ ਪ੍ਰਸਤਾਵ ਤਿਆਰ ਕੀਤੇ ਜਾਣ। ਉਨ੍ਹਾਂ ਨੇ ਸਬੰਧਿਤ ਵਿਭਾਗਾਂ ਨੂੰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਮੀਂਹ ਕਾਰਨ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਤੇਜ਼ੀ ਨਾਲ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਦਿੱਤੀ ਕਿ ਹਰ ਪ੍ਰਾਜੈਕਟ ਦੀ ਗੁਣਵੱਤਾ ਬਿਹਤਰੀਨ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਸਮੇਂ ਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ।