ਡੇਂਗੂ-ਮਲੇਰੀਆ ਦੇ ਖ਼ਾਤਮੇ ’ਚ ਮੈਡੀਕਲ ਐਸੋਸੀਏਸ਼ਨ ਦਾ ਭਰਪੂਰ ਯੋਗਦਾਨ : ਐੱਸਐੱਮਓ
ਡੇਂਗੂ-ਮਲੇਰੀਆ ਦੇ ਖ਼ਾਤਮੇ ’ਚ ਮੈਡੀਕਲ ਐਸੋਸੀਏਸ਼ਨ ਦਾ ਭਰਪੂਰ ਯੋਗਦਾਨ : ਐੱਸਐੱਮਓ
Publish Date: Mon, 04 May 2026 08:06 PM (IST)
Updated Date: Mon, 04 May 2026 08:08 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਿਵਲ ਸਰਜਨ ਡਾ. ਸੰਗੀਤਾ ਜੈਨ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਐੱਮਓ ਡਾ. ਧਰਮਿੰਦਰ ਸਿੰਘ ਦੀ ਅਗਵਾਈ ਵਿਚ ਡੇਰਾਬੱਸੀ, ਜ਼ੀਰਕਪੁਰ, ਬਨੂੜ ਅਤੇ ਲਾਲੜੂ ਵਿਚ ਡੇਂਗੂ ਤੇ ਮਲੇਰੀਆ ਦੇ ਖ਼ਾਤਮੇ ਲਈ ਸਰਕਾਰੀ ਤੰਤਰ ਪੂਰੀ ਤਾਕਤ ਨਾਲ ਜੁਟਿਆ ਹੋਇਆ ਹੈ। ਇਸੇ ਕੜੀ ਵਿਚ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਨੇ ਵੀ ਭਰਪੂਰ ਯੋਗਦਾਨ ਦਿੱਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੈ ਅੱਤਰੀ ਨੇ ਦੱਸਿਆ ਕਿ ਇਹ ਵੈਕਟਰ-ਜਨਤ ਬਿਮਾਰੀਆਂ ਆਮ ਲੋਕਾਂ ਲਈ ਵੱਡਾ ਖ਼ਤਰਾ ਹਨ, ਇਸ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਐਸੋਸੀਏਸ਼ਨ ਨੇ ਲੱਛਣਾਂ, ਬਚਾਅ, ਉਪਾਵਾਂ ਅਤੇ ਜਾਗਰੂਕਤਾ ਲਈ ਪੰਪਲੈਟ ਵੰਡਣ ਦੀ ਜ਼ਿੰਮੇਵਾਰੀ ਲਈ ਹੈ। ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਡੇਰਾਬੱਸੀ ਉਪਮੰਡਲ ਵੱਲੋਂ ਇਨ੍ਹਾਂ ਬਿਮਾਰੀਆਂ ਤੋਂ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਰਕਾਰੀ ਟੀਮਾਂ ਘਰਾਂ, ਦਫ਼ਤਰਾਂ ਤੇ ਸਰਕਾਰੀ ਇਮਾਰਤਾਂ ਵਿਚ ਡੇਂਗੂ ਲਾਰਵੇ ਦੀ ਜਾਂਚ ਕਰ ਰਹੀਆਂ ਹਨ। ਮਲੇਰੀਆ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈਆਂ ਜਾ ਰਹੀਆਂ ਹਨ, ਜਦਕਿ ਹਸਪਤਾਲਾਂ ਵਿਚ ਦਵਾਈਆਂ ਤੇ ਡਾਕਟਰਾਂ ਦੀ ਟੀਮ ਹਮੇਸ਼ਾ ਤਿਆਰ ਰਹਿੰਦੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੈ ਅੱਤਰੀ, ਸਕੱਤਰ ਡਾ. ਰਵੀਨਾ ਸੂਰੀ, ਚੇਅਰਮੈਨ ਡਾ. ਦੀਨੇਸ਼ ਮਿੱਤਲ, ਐਡਮਿਨ ਇੰਚਾਰਜ ਡਾ. ਸੰਜੀਵ ਗੁਪਤਾ, ਉਪ ਪ੍ਰਧਾਨ ਡਾ. ਗੁਰਸ਼ਰਨ ਆਨੰਦ, ਸੰਯੁਕਤ ਸਕੱਤਰ ਡਾ. ਆਕਾਸ਼, ਡਾ. ਅੰਸਾਰੀ, ਡਾ. ਪਾਰਸ ਸੂਰੀ ਅਤੇ ਸਿਵਲ ਹਸਪਤਾਲ ਦੇ ਐੱਸਆਈ ਰਾਜਿਦਰ ਸਿੰਘ ਮੌਜੂਦ ਸਨ।