- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਟੇਰਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਅਸ਼ੋਕ ਕੁਮਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਬੁੱਧਵਾਰ ਸਵੇਰੇ ਲੱਗਿਆ, ਜਿਸ ਤੋਂ ਬਾਅਦ ਪਰਿਵਾਰ ਤੁਰੰਤ ਮੁਹਾਲੀ ਪਹੁੰਚ ਗਿਆ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਪੌਸ਼ ਇਲਾਕੇ ਫੇਜ਼-5 ਵਿਚ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ, 66 ਸਾਲਾ ਅਸ਼ੋਕ ਕੁਮਾਰੀ ਗੋਇਲ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਘਟਨਾ ਕਾਰਨ ਸਮੁੱਚੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਕਤਲ ਤੋਂ ਬਾਅਦ 8.5 ਲੱਖ ਨਕਦੀ ਤੇ 40 ਤੋਲੇ ਸੋਨੇ ਦੀ ਲੁੱਟ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਘਟਨਾ ਦਾ ਵੇਰਵਾ
ਜਿਸ ਸਮੇਂ ਇਹ ਵਾਰਦਾਤ ਹੋਈ, ਅਸ਼ੋਕ ਕੁਮਾਰੀ ਘਰ ’ਚ ਇਕੱਲੀ ਸੀ ਅਤੇ ਉਨ੍ਹਾਂ ਦੇ ਨਾਲ ਸਿਰਫ਼ ਨੌਕਰ ਮੌਜੂਦ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਐਡਵੋਕੇਟ ਕ੍ਰਿਸ਼ਨ ਕੁਮਾਰ ਗੋਇਲ ਆਪਣੀ ਛੋਟੀ ਬੇਟੀ ਨਾਲ ਮਸਕਟ (ਓਮਾਨ) ਗਏ ਹੋਏ ਸਨ। ਲੁਟੇਰਿਆਂ ਨੇ ਘਰ ਵਿਚ ਦਾਖ਼ਲ ਹੋ ਕੇ ਨੌਕਰ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਅਸ਼ੋਕ ਕੁਮਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਦਾ ਪਤਾ ਬੁੱਧਵਾਰ ਸਵੇਰੇ ਲੱਗਿਆ, ਜਿਸ ਤੋਂ ਬਾਅਦ ਪਰਿਵਾਰ ਤੁਰੰਤ ਮੁਹਾਲੀ ਪਹੁੰਚ ਗਿਆ।
ਪਰਿਵਾਰ ਦਾ ਦਰਦ
ਬੁੱਧਵਾਰ ਸਵੇਰੇ ਮਸਕਟ ਤੋਂ ਪਰਤੇ ਕ੍ਰਿਸ਼ਨ ਕੁਮਾਰ ਗੋਇਲ ਨੇ ਭਰੇ ਮਨ ਨਾਲ ਕਿਹਾ, "ਲੁਟੇਰਿਆਂ ਨੂੰ ਜੋ ਚਾਹੀਦਾ ਸੀ ਉਹ ਲੈ ਜਾਂਦੇ, ਪਰ ਮੇਰੀ ਪਤਨੀ ਨੂੰ ਮਾਰਨ ਦੀ ਕੀ ਲੋੜ ਸੀ? ਜਿਵੇਂ ਨੌਕਰ ਨੂੰ ਬੰਨ੍ਹਿਆ ਸੀ, ਉਵੇਂ ਹੀ ਉਸ ਨੂੰ ਵੀ ਬੰਨ੍ਹ ਦਿੰਦੇ। ਮੇਰੇ ਬੁਢਾਪੇ ਦੀ ਸਾਥੀ ਚਲੀ ਗਈ, ਹੁਣ ਪੂਰਾ ਘਰ ਖ਼ਤਮ ਹੋ ਗਿਆ ਹੈ।" ਉਨ੍ਹਾਂ ਦੱਸਿਆ ਕਿ ਲੁਟੇਰੇ ਕਰੀਬ 40 ਤੋਲੇ ਸੋਨਾ ਅਤੇ ਸਾਢੇ ਅੱਠ ਲੱਖ ਰੁਪਏ ਨਕਦ ਲੈ ਗਏ ਹਨ। ਇਹ ਪੈਸੇ ਉਨ੍ਹਾਂ ਨੇ ਹਾਲ ਹੀ ਵਿਚ ਇਕ ਆਰਕੀਟੈਕਟ ਨੂੰ ਦੇਣ ਲਈ ਰੱਖੇ ਸਨ।
ਘਰ ਦੇ ਭੇਤੀ 'ਤੇ ਸ਼ੱਕ
ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਕਿਸੇ ਜਾਣਕਾਰ ਜਾਂ 'ਘਰ ਦੇ ਭੇਤੀ' ਦੀ ਭੂਮਿਕਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਐਡਵੋਕੇਟ ਗੋਇਲ ਨੇ ਦੱਸਿਆ ਕਿ ਲੁਟੇਰਿਆਂ ਨੇ ਸਿਰਫ਼ ਉਨ੍ਹਾਂ ਅਲਮਾਰੀਆਂ ਨੂੰ ਹੀ ਨਿਸ਼ਾਨਾ ਬਣਾਇਆ, ਜਿੱਥੇ ਗਹਿਣੇ ਅਤੇ ਨਕਦੀ ਰੱਖੀ ਹੋਈ ਸੀ। ਬਾਕੀ ਕਮਰਿਆਂ ਜਾਂ ਅਲਮਾਰੀਆਂ ਨੂੰ ਹੱਥ ਤੱਕ ਨਹੀਂ ਲਾਇਆ ਗਿਆ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੁਟੇਰਿਆਂ ਨੂੰ ਕੀਮਤੀ ਸਾਮਾਨ ਦੀ ਸਹੀ ਲੋਕੇਸ਼ਨ ਪਤਾ ਸੀ।
ਪੁਲਿਸ ਕਾਰਵਾਈ
ਮੁਹਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਵੱਲੋਂ ਨੌਕਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।