- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Kirti Chakra ਭਾਰਤ ਦਾ ਦੂਜਾ ਸਭ ਤੋਂ ਵੱਡਾ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ ਹੈ। ਇਹ ਸਨਮਾਨ ਫ਼ੌਜ, ਜਲ ਸੈਨਾ ਤੇ ਹਵਾਈ ਫ਼ੌਜ ਦੇ ਜਵਾਨਾਂ ਤੋਂ ਇਲਾਵਾ ਆਮ ਨਾਗਰਿਕਾਂ ਨੂੰ ਵੀ ਅਸਧਾਰਨ ਵੀਰਤਾ, ਸਾਹਸ ਜਾਂ ਆਤਮ-ਬਲੀਦਾਨ ਲਈ ਦਿੱਤਾ ਜਾਂਦਾ ਹੈ। ਤਰਜੀਹ ਦੇ ਮਾਮਲੇ 'ਚ ਇਹ ਪੁਰਸਕਾਰ 'ਅਸ਼ੋਕ ਚੱਕਰ' ਤੋਂ ਬਾਅਦ ਆਉਂਦਾ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਸੈਕਟਰ-79 ਦੇ ਰਹਿਣ ਵਾਲੇ ਭਾਰਤੀ ਸੈਨਾ ਦੇ ਜਾਂਬਾਜ਼ ਅਫ਼ਸਰ ਮੇਜਰ ਅਰਸ਼ਦੀਪ ਸਿੰਘ ਗਿੱਲ ਨੇ ਪੂਰੇ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ 'ਡਿਫੈਂਸ ਇਨਵੈਸਟੀਚਰ ਸੈਰੇਮਨੀ' (ਰੱਖਿਆ ਅਲੰਕਾਰ ਸਮਾਰੋਹ) ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ 'ਕੀਰਤੀ ਚੱਕਰ' ਨਾਲ ਸਨਮਾਨਿਤ ਕੀਤਾ ਗਿਆ। ਮੇਜਰ ਅਰਸ਼ਦੀਪ ਸਿੰਘ ਨੇ ਮਣੀਪੁਰ ਵਿਚ ਉਗਰਵਾਦੀਆਂ ਦੇ ਖ਼ਿਲਾਫ਼ ਚੱਲੇ ਇਕ ਬੇਹੱਦ ਸੰਵੇਦਨਸ਼ੀਲ ਅਤੇ ਚੁਣੌਤੀਪੂਰਨ ਆਪ੍ਰੇਸ਼ਨ ਵਿਚ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ।
ਮਣੀਪੁਰ 'ਚ ਅੱਤਵਾਦ ਵਿਰੁੱਧ ਚਲਾਇਆ ਗਿਆ ਇਹ ਕਾਊਂਟਰ-ਇੰਸਰਜੈਂਸੀ ਆਪ੍ਰੇਸ਼ਨ ਲਗਪਗ 84 ਘੰਟੇ (ਸਾਢੇ ਤਿੰਨ ਦਿਨ) ਤਕ ਚੱਲਿਆ ਸੀ। ਬੇਹੱਦ ਖ਼ਤਰਨਾਕ ਅਤੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਮੇਜਰ ਅਰਸ਼ਦੀਪ ਸਿੰਘ ਨੇ ਅੱਗੇ ਹੋ ਕੇ ਆਪਣੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਸ ਮਿਸ਼ਨ ਨੂੰ ਸਫ਼ਲਤਾਪੂਰਵਕ ਅੰਜਾਮ ਤੱਕ ਪਹੁੰਚਾਇਆ। ਦੱਸ ਦੇਈਏ ਕਿ ਮੇਜਰ ਗਿੱਲ ਮੂਲ ਰੂਪ ਵਿਚ 'ਦ ਆਰਮਡ ਕਾਰਪਸ' ਦੇ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਵਿਚ ਉਹ '1 ਅਸਾਮ ਰਾਈਫਲਜ਼' ਦੇ ਨਾਲ ਤਾਇਨਾਤ ਹਨ।
ਫ਼ੌਜ ਦੇ ਸੂਤਰਾਂ ਅਨੁਸਾਰ, ਮੇਜਰ ਗਿੱਲ ਨੇ ਬੇਹੱਦ ਖ਼ਤਰਨਾਕ ਹਾਲਾਤ 'ਚ ਵੀ ਅਦੁੱਤੀ ਪੇਸ਼ੇਵਰ ਹੁਨਰ ਤੇ ਬਹਾਦਰੀ ਦਿਖਾਈ। ਉਨ੍ਹਾਂ ਦੀ ਇਸ ਬਹਾਦਰੀ ਸਦਕਾ ਨਾ ਸਿਰਫ਼ ਮੁਹਾਲੀ ਬਲਕਿ ਪੂਰੇ ਪੰਜਾਬ ਅਤੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਮੇਜਰ ਅਰਸ਼ਦੀਪ ਸਿੰਘ ਨੂੰ ਕੀਰਤੀ ਚੱਕਰ ਮਿਲਣ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਮੁਹਾਲੀ ਸਥਿਤ ਘਰ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਰੱਖਿਆ ਮਾਹਰਾਂ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਮੇਜਰ ਗਿੱਲ ਦੀ ਇਸ ਉਪਲਬਧੀ ਨੂੰ ਦੇਸ਼ ਦੇ ਨੌਜਵਾਨਾਂ ਲਈ ਇਕ ਪ੍ਰੇਰਨਾਦਾਇਕ ਮਿਸਾਲ ਦੱਸਿਆ ਹੈ।
ਕੀਰਤੀ ਚੱਕਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ ਹੈ। ਇਹ ਸਨਮਾਨ ਫ਼ੌਜ, ਜਲ ਸੈਨਾ ਤੇ ਹਵਾਈ ਫ਼ੌਜ ਦੇ ਜਵਾਨਾਂ ਤੋਂ ਇਲਾਵਾ ਆਮ ਨਾਗਰਿਕਾਂ ਨੂੰ ਵੀ ਅਸਧਾਰਨ ਵੀਰਤਾ, ਸਾਹਸ ਜਾਂ ਆਤਮ-ਬਲੀਦਾਨ ਲਈ ਦਿੱਤਾ ਜਾਂਦਾ ਹੈ। ਤਰਜੀਹ ਦੇ ਮਾਮਲੇ 'ਚ ਇਹ ਪੁਰਸਕਾਰ 'ਅਸ਼ੋਕ ਚੱਕਰ' ਤੋਂ ਬਾਅਦ ਆਉਂਦਾ ਹੈ।